ਦਰਸ਼ਨ ਸਿੰਘ ਸੋਢੀ
ਮੁਹਾਲੀ, 24 ਜੂਨ
ਦਲਿਤ ਵਰਗ ਦੇ ਡੀਪੀਈ ਦੇ ਯੋਗ ਉਮੀਦਵਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਵੀ ਪੁਕਾਰ ਸੁਣੀ ਜਾਵੇ ਅਤੇ ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇ। ਕੱਚੇ ਅਧਿਆਪਕਾਂ ਦੇ ਲੜੀਵਾਰ ਧਰਨੇ ਕਾਰਨ ਡੀਪੀਈ ਰਿਜ਼ਰਵ ਕੈਟਾਗਰੀ ਦੇ ਯੋਗ ਉਮੀਦਵਾਰਾਂ ਨੂੰ ਪੁਲੀਸ ਨੇ ਸਿੱਖਿਆ ਭਵਨ ਦੇ ਗੇਟ ਅੰਦਰ ਦਾਖ਼ਲ ਨਾ ਹੋਣ ਦੇਣ ਦਾ ਬੇਰੁਜ਼ਗਾਰਾਂ ਨੇ ਕਾਫ਼ੀ ਬੁਰਾ ਮਨਾਇਆ। ਸਿੱਖਿਆ ਭਵਨ ਦੇ ਬਾਹਰ ਸਰਕਾਰੀ ਅਣਦੇਖੀ ਦਾ ਰੋਣਾ ਰੋਂਦੇ ਡੀਪੀਈ ਰਿਜ਼ਰਵ ਕੈਟਾਗਰੀ ਯੋਗ ਉਮੀਦਵਾਰ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ, ਸੰਦੀਪ ਸਿੰਘ, ਗੁਰਮੀਤ ਸਿੰਘ ਅਤੇ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਫਰਵਰੀ 2020 ਵਿੱਚ ਇਸ਼ਤਿਹਾਰ ਕਰਕੇ ਪੰਜਾਬ ਵਿੱਚ 873 ਡੀਪੀਈ ਅਸਾਮੀਆਂ ਦੀ ਭਰਤੀ ਕੀਤੀ ਗਈ ਸੀ। ਇਸ ਸਬੰਧੀ ਉਮੀਦਵਾਰਾਂ ਦਾ ਲਿਖਤੀ ਟੈੱਸਟ ਵੀ ਲਿਆ ਗਿਆ ਸੀ। ਇਹ ਟੈੱਸਟ ਪਾਸ ਕਰਨ ਤੋਂ ਬਾਅਦ ਸਫਲ ਉਮੀਦਵਾਰਾਂ ਦੀ ਮੈਰਿਟ ਬਣਾਈ ਗਈ ਅਤੇ ਵਿਭਾਗ ਵੱਲੋਂ ਯੋਗ ਉਮੀਦਵਾਰਾਂ ਦੀ ਕੌਂਸਲਿੰਗ ਕੀਤੀ ਗਈ। ਜਿਸ ਵਿੱਚ ਸਾਰੇ ਉਮੀਦਵਾਰਾਂ ਦੇ ਅਸਲ ਸਰਟੀਫਿਕੇਟ ਵੀ ਚੈੱਕ ਕੀਤੇ ਗਏ ਪਰ ਵਿਭਾਗ ਵੱਲੋਂ 707 ਉਮੀਦਵਾਰਾਂ ਦੀ ਨਿਯੁਕਤੀ ਕਰਕੇ ਉਨ੍ਹਾਂ ਨੂੰ ਸਟੇਸ਼ਨ ਅਲਾਟ ਕੀਤੇ ਗਏ, ਜਦੋਂਕਿ ਬਾਕੀ 166 ਉਮੀਦਵਾਰ ਹੁਣ ਤੱਕ ਨੌਕਰੀ ਨੂੰ ਤਰਸ ਰਹੇ ਹਨ। ਨੌਜਵਾਨਾਂ ਨੇ ਦੱਸਿਆ ਕਿ 5 ਅਪਰੈਲ ਨੂੰ ਸਿੱਖਿਆ ਵਿਭਾਗ ਨੇ 53 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਪਰ ਦਲਿਤ ਵਰਗ ਨਾਲ ਸਬੰਧਤ ਯੋਗ ਉਮੀਦਵਾਰਾਂ ਨੂੰ ਇਸ ਸੂਚੀ ’ਚੋਂ ਵੀ ਬਾਹਰ ਰੱਖਿਆ ਗਿਆ ਹੈ। ਇਸ ਮੌਕੇ ਅਰਵਿੰਦਰ ਸਿੰਘ ਬਸਰਾ, ਜਸਪ੍ਰੀਤ ਸਿੰਘ, ਜੀਤ ਸਿੰਘ, ਗੁਰਲਾਲ ਸਿੰਘ, ਸੰਦੀਪ ਸਿੰਘ ਲੰਬੀ, ਅਮਨ ਕੁਮਾਰ, ਅਮਰਜੀਤ ਸਿੰਘ ਅਤੇ ਕੁਲਜੀਤ ਸਿੰਘ ਹਾਜ਼ਰ ਸਨ।
ਅਸਿਸਟੈਂਟ ਡਾਇਰੈਕਟਰ ਕੁਲਵਿੰਦਰ ਕੌਰ ਨੇ ਦੱਸਦਿਆਂ ਕਿਹਾ ਕਿ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਤੱਕ ਕੋਈ ਪੀੜਤ ਨੌਜਵਾਨ ਉਨ੍ਹਾਂ ਨੂੰ ਨਹੀਂ ਮਿਲਿਆ ਹੈ ਅਤੇ ਨਾ ਹੀ ਪੁਲੀਸ ਵੱਲੋਂ ਨੌਜਵਾਨਾਂ ਨੂੰ ਗੇਟ ਦੇ ਬਾਹਰੋਂ ਵਾਪਸ ਮੋੜ ਦੇਣ ਬਾਰੇ ਹੀ ਕੁੱਝ ਪਤਾ ਹੈ। ਫਿਰ ਵੀ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਉਨ੍ਹਾਂ ਨੂੰ ਦਫ਼ਤਰ ਵਿੱਚ ਆ ਕੇ ਮਿਲ ਸਕਦਾ ਹੈ।