ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਸਤੰਬਰ
ਯੂਟੀ ਪ੍ਰਸ਼ਾਸਨ ਨੇ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-46 ਦੇ ਅੱਧੇ ਤੋਂ ਵੱਧ ਲੈਕਚਰਾਰ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਕਰੋਨਾ ਡਿਊਟੀ ’ਤੇ ਲਗਾ ਦਿੱਤੇ ਹਨ ਜਿਸ ਕਾਰਨ ਕਈ ਜਮਾਤਾਂ ਦੀ ਆਨਲਾਈਨ ਪੜ੍ਹਾਈ ਰੁਕ ਗਈ ਹੈ। ਇਸ ਤੋਂ ਇਲਾਵਾ ਦਾਖਲਿਆਂ ਦਾ ਕੰਮ ਵੀ ਪ੍ਰਭਾਵਿਤ ਹੋ ਗਿਆ ਹੈ। ਇਸੇ ਦੌਰਾਨ ਸਿੱਖਿਆ ਅਧਿਕਾਰੀਆਂ ਨੇ ਜਲਦੀ ਹੀ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਇਸ ਕਾਲਜ ਵਿਚ 60 ਲੈਕਚਰਾਰ ਹਨ ਜਿਨ੍ਹਾਂ ਵਿਚੋਂ 33 ਜਣੇ ਕਰੋਨਾ ਡਿਊਟੀਆਂ ’ਤੇ ਲਗਾ ਦਿੱਤੇ ਗਏ ਹਨ। ਇਸ ਸਬੰਧੀ ਹੁਕਮ ਐੱਸਡੀਐਮ (ਦੱਖਣ) ਵਲੋਂ ਜਾਰੀ ਕੀਤੇ ਗਏ ਹਨ।
ਐੱਸਡੀਐਮ (ਦੱਖਣ) ਐੱਸ. ਕੇ. ਜੈਨ ਨੇ ਦੱਸਿਆ ਕਿ ਕਾਲਜਾਂ ਦੇ ਲੈਕਚਰਾਰ ਕਾਫੀ ਸਮੇਂ ਤੋਂ ਵਿਹਲੇ ਸਨ ਤੇ ਕੌਮੀ ਆਫਤ ਸਮੇਂ ਹੀ ਇਨ੍ਹਾਂ ਦੀ ਡਿਊਟੀ ਲਗਾਈ ਗਈ ਹੈ। ਸਿੱਖਿਆ ਸਕੱਤਰ ਸਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਹੀ ਇਸ ਬਾਰੇ ਪਤਾ ਕਰ ਕੇ ਸਮੱਸਿਆ ਹੱਲ ਕਰਵਾਉਣਗੇ।