ਕੁਲਦੀਪ ਸਿੰਘ
ਚੰਡੀਗੜ੍ਹ, 11 ਅਕਤੂਬਰ
ਆਖਿਰਕਾਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 38-ਵੈਸਟ (ਡੱਡੂਮਾਜਰਾ ਕਾਲੋਨੀ) ਵਿੱਚ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕਰਨ ਦੀ ਪੰਜਾਬੀ ਟ੍ਰਿਬਿਊਨ ਵੱਲੋਂ ਖ਼ਬਰ ਪ੍ਰਕਾਸ਼ਿਤ ਕੀਤੇ ਜਾਣ ਮਗਰੋਂ 11ਵੀਂ ਜਮਾਤ ਦੇ ਬੱਚਿਆਂ ਨੂੰ ਪੰਜਾਬੀ ਵਿਸ਼ਾ ਪੜ੍ਹਨ ਦੀ ਇਜਾਜ਼ਤ ਮਿਲ ਗਈ। ਡੀ.ਪੀ.ਆਈ. (ਸਕੂਲਾਂ) ਐੱਚ.ਪੀ.ਐੱਸ. ਬਰਾੜ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਕੂਲ ਪ੍ਰਿੰਸੀਪਲ ਨੂੰ ਹਦਾਇਤ ਕੀਤੀ ਜਿਸ ਮਗਰੋਂ ਇਹ ਸੰਭਵ ਹੋ ਸਕਿਆ।
ਡੀ.ਪੀ.ਆਈ. ਨੇ ਦੱਸਿਆ ਕਿ ਪੰਜਾਬੀ ਵਿਸ਼ਾ ਪੜ੍ਹਾਉਣ ਦਾ ਮਾਮਲਾ ਹੱਲ ਕਰ ਦਿੱਤਾ ਗਿਆ ਹੈ। ਸਕੂਲ ਪ੍ਰਿੰਸੀਪਲ ਸ੍ਰੀ ਭੱਟਾਚਾਰੀਆ ਨੇ ਵੀ ਫੋਨ ਚੁੱਕਣ ਦੀ ਬਜਾਏ ਵੱਟਸਐਪ ਰਾਹੀਂ ਭੇਜੇ ਗਏ ਸੰਦੇਸ਼ ਵਿੱਚ ਦੱਸਿਆ ਕਿ ਵਿਦਿਆਰਥੀ ਪੰਜਾਬੀ ਵਿਸ਼ਾ ਪੜ੍ਹ ਸਕਣਗੇ ਅਤੇ ਕੋਈ ਰੋਕ ਨਹੀਂ ਹੋਵੇਗੀ।
ਦੱਸਣਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਵੱਲੋਂ 10 ਅਕਤੂਬਰ ਦੀ ਅਖ਼ਬਾਰ ਵਿੱਚ ‘ਚੰਡੀਗੜ੍ਹ ਦੇ ਸਰਕਾਰੀ ਸਕੂਲ ਵਿੱਚ ਪਾੜ੍ਹਿਆਂ ਨੂੰ ਪੰਜਾਬੀ ਵਿਸ਼ਾ ਦੇਣ ਤੋਂ ਨਾਂਹ’ ਸਿਰਲੇਖ ਤਹਿਤ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਵਿੱਚ ਦਰਸਾਇਆ ਗਿਆ ਸੀ ਕਿ ਸਕੂਲ ਪ੍ਰਿੰਸੀਪਲ ਵੱਲੋਂ 11ਵੀਂ ਜਮਾਤ ਵਿੱਚ ਦਾਖਿਲ ਹੋ ਰਹੇ ਨਵੇਂ ਬੱਚਿਆਂ ਨੂੰ ਪੰਜਾਬੀ ਵਿਸ਼ਾ ਪੜ੍ਹਾਉਣ ਤੋਂ ਜਵਾਬ ਦੇ ਦਿੱਤਾ ਗਿਆ ਸੀ। ਮਾਤ ਭਾਸ਼ਾ ਦੇ ਇਸ ਮੁੱਦੇ ਨੂੰ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਵੀ ਗੰਭੀਰਤਾ ਨਾਲ ਲਿਆ ਗਿਆ। ਆਪਣੇ ਬੱਚਿਆਂ ਨੂੰ ਮਾਤ ਭਾਸ਼ਾ ਪੰਜਾਬੀ ਵਿਸ਼ਾ ਪੜ੍ਹਨ ਦੇ ਲਈ ਇਜਾਜ਼ਤ ਮਿਲਣ ਨਾਲ ਬੱਚਿਆਂ ਅਤੇ ਮਾਪਿਆਂ ਵਿੱਚ ਖੁਸ਼ੀ ਪਾਈ ਗਈ।