ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 3 ਅਕਤੂਬਰ
ਇੱਥੋਂ ਦੀ ਬਰਵਾਲਾ ਰੋਡ ’ਤੇ ਦੋ ਕੁਰੀਅਰ ਕੰਪਨੀ ਦੇ ਵੱਖ ਵੱਖ ਦਫਤਰਾਂ ਦੇ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਗਿਆ। ਚੋਰੀ ਦੀ ਇਕ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲੀਸ ਨੇ ਸੂਚਨਾ ਮਿਲਣ ਮਗਰੋਂ ਮੌਕੇ ਦਾ ਦੌਰਾ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਸ਼ੂ ਨੇ ਦੱਸਿਆ ਕਿ ਬਰਵਾਲਾ ਰੋਡ ’ਤੇ ਏਟੀਐੱਸ ਸੁਸਾਇਟੀ ਦੇ ਸਾਹਮਣੇ ਪਟਿਆਲਾ ਕੰਪਲੈਕਸ ਵਿੱਚ ਮਯੰਤਰਾ ਨਾਂਅ ਤੋਂ ਦਫਤਰ ਹੈ ਜਿਥੇ ਉਹ ਕੂਰੀਅਰ ਦਾ ਕੰਮ ਕਰਦੇ ਹਨ। ਲੰਘੀ ਰਾਤ ਉਹ ਤਿੰਨ ਵਜੇ ਤੱਕ ਕੰਮ ਕਰ ਆਪਣੇ ਘਰ ਚਲੇ ਗਏ। ਸਵੇਰ ਨੌਂ ਵਜੇ ਆ ਕੇ ਦੇਖਿਆ ਤਾਂ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਤੋਂ ਲੈਪਟੌਪ, ਡੀ.ਵੀ.ਆਰ., ਕੀਮਤੀ ਚਸ਼ਮੇ ਤੋਂ ਇਲਾਵਾ ਹੋਰ ਕੀਮਤੀ ਸਾਮਾਨ ਗਾਇਬ ਸੀ।
ਆਸ਼ੂ ਨੇ ਦੱਸਿਆ ਕਿ ਨੁਕਸਾਨ ਲੱਖਾਂ ਰੁਪਏ ਦਾ ਹੋਇਆ ਹੈ ਜਿਸ ਦੀ ਸਹੀ ਕੀਮਤ ਜਾਂਚ ਤੋਂ ਬਾਅਦ ਸਾਹਮਣੇ ਆਏਗੀ। ਇਸ ਤੋਂ ਇਲਾਵਾ ਬਰਵਾਲਾ ਰੋਡ ’ਤੇ ਜੀਬੀਪੀ ਕੰਪਲੈਕਸ ਵਿੱਚ ਸਥਿਤ ਇਕ ਹੋਰ ਕੂਰੀਅਰ ਵਾਲੇ ਨੇ ਦੱਸਿਆ ਕਿ ਚੋਰਾਂ ਵੱਲੋਂ ਲੰਘੇ ਦਿਨੀਂ ਉਸ ਦੇ ਦਫਤਰ ਦਾ ਸ਼ਟਰ ਤੋੜ ਕੇ ਪੰਜ ਲੱਖ ਰੁਪਏ ਦਾ ਸਾਮਾਨ ਚੋਰੀ ਕੀਤਾ ਗਿਆ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਚੋਰ ਆਈ ਫੋਨ ਅਤੇ ਹੋਰ ਸਾਮਾਨ ਵੀ ਲੈ ਗਏ।