ਆਤਿਸ਼ ਗੁਪਤਾ
ਚੰਡੀਗੜ੍ਹ, 9 ਦਸੰਬਰ
ਇਥੋਂ ਦੇ ਸੈਕਟਰ-23-ਸੀ ਵਿੱਚ ਇਕ ਦੁਕਾਨ ਵਿੱਚ ਸਥਿਤ ਗੋਲਡ ਟੈਸਟਿੰਗ ਲੈਬਾਰਟਰੀ ਨੂੰ ਅੱਜ ਚਾਰ ਨਕਾਬਪੋਸ਼ ਵਿਅਕਤੀਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਨੇ ਦੁਕਾਨ ਦੇ ਮਾਲਕ ’ਤੇ ਤਿੰਨ ਗੋਲੀਆਂ ਚਲਾਈਆਂ ਤੇ ਫ਼ਰਾਰ ਹੋ ਗਏ। ਇਸ ਦੌਰਾਨ ਦੁਕਾਨ ਦਾ ਮਾਲਕ ਦਾਦਾ ਚੌਹਾਨ ਜ਼ਖ਼ਮੀ ਹੋ ਗਿਆ। ਉਸ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਇਸੇ ਦੌਰਾਨ ਲੁੱਟ-ਖੋਹ ਦੀ ਘਟਨਾ ਤੋਂ ਬਚਾਅ ਰਿਹਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-23 ਸੀ ਵਿੱਚ ਸਥਿਤ ਗੋਲਡ ਟੈਸਟਿੰਗ ਲੈੱਬ ਵਿੱਚ ਸੋਨੇ ਦੀ ਗਹਿਣਿਆਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉੱਥੇ ਸੋਨਾ ਭਾਰੀ ਮਾਤਰਾ ਵਿੱਚ ਪਿਆ ਹੁੰਦਾ ਹੈ। ਅੱਜ ਦੁਪਹਿਰ 3.30 ਵਜੇ ਦੇ ਕਰੀਬ ਚਾਰ ਨਕਾਬਪੋਸ਼ ਨੌਜਵਾਨ ਲੈਬ ਵਿੱਚ ਦਾਖਲ ਹੋਏ ਤੇ ਲੁੱਟ-ਖੋਹ ਦੀ ਮਨਸ਼ਾ ਨਾਲ ਤਿੰਨ ਗੋਲੀਆਂ ਚਲਾਈਆਂ ਅਤੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲੀਸ ਨੇ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ ਤਿੰਨ ਖੋਲ ਬਰਾਮਦ ਕੀਤੇ ਹਨ।
ਜ਼ਖ਼ਮੀ ਦਾਦਾ ਚੌਹਾਨ ਦੇ ਭਰਾ ਨੇ ਪੁਲੀਸ ਨੂੰ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਕ ਨੌਜਵਾਨ ਨੇ ਫੋਨ ’ਤੇ ਸਾਮਾਨ ਖਰੀਦਣ ਬਾਰੇ ਗੱਲ ਕੀਤੀ ਸੀ। ਥਾਣਾ ਸੈਕਟਰ-17 ਦੀ ਪੁਲੀਸ ਨੇ ਇਸ ਬਿਆਨ ਦੇ ਆਧਾਰ ’ਤੇ ਫੋਨ ਕਰਨ ਵਾਲੇ ਰੋਹਿਤ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 397 ਅਤੇ 511 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ਜਿਸ ਨੂੰ ਫੌਰੈਂਸਿਕ ਜਾਂਚ ਲਈ ਲੈਬ ਵਿੱਚ ਭੇਜਿਆ ਜਾਵੇਗਾ।
ਨੌਜਵਾਨ ਦੀ ਲਾਸ਼ ਮਿਲੀ
ਦੇਰ ਸ਼ਾਮ ਪਿੰਡ ਸੋਹਾਣਾ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਪੁਲੀਸ ਦਾ ਮੰਨਣਾ ਹੈ ਕਿ ਮ੍ਰਿਤਕ ਅੱਜ ਸ਼ਾਮ ਨੂੰ ਚੰਡੀਗੜ੍ਹ ਸੈਕਟਰ-23 ਵਿੱਚ ਵਾਪਰੀ ਘਟਨਾ ਵਿੱਚ ਸ਼ਾਮਲ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ।