ਪੱਤਰ ਪ੍ਰੇਰਕ
ਲਾਲੜੂ, 22 ਅਗਸਤ
ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਲੜੂ ਦੇ ਬੱਚੇ ਆਪਣੀ ਜਾਨ ਤਲੀ ’ਤੇ ਰੱਖ ਕੇ ਸਕੂਲ ਵਿੱਚ ਪੜ੍ਹਨ ਜਾਂਦੇ ਹਨ। ਇਲਾਕਾ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਦੇ ਸਾਹਮਣੇ ਸੜਕ ਪਾਰ ਕਰਨ ਲਈ ਅੰਡਰ ਪਾਥ ਜਾਂ ਪੌੜੀਆਂ ਵਾਲਾ ਓਵਰਬ੍ਰਿੱਜ ਬਣਾਇਆ ਜਾਵੇ। ਲਾਲੜੂ ਵਾਸੀ ਐਡਵੋਕੇਟ ਮਨਪ੍ਰੀਤ ਸਿੰਘ ਭੱਟੀ, ਗੁਰਵਿੰਦਰ ਸਿੰਘ, ਜਸਵੀਰ ਸਿੰਘ, ਸੁਭਾਸ਼ ਸ਼ਰਮਾ, ਹਰਵਿੰਦਰ ਟੋਨੀ ਨੇ ਕਿਹਾ ਕਿ ਇਸ ਸਕੂਲ ਨੂੰ ਭਾਵੇਂ ਸਿੱਖਿਆ ਵਿਭਾਗ ਨੇ ਸਮਾਰਟ ਸਕੂਲ ਦਾ ਦਰਜਾ ਦੇ ਦਿੱਤਾ ਹੈ ਪਰ ਇੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਆਉਣ-ਜਾਣ ਸਮੇਂ ਭਾਰੀ ਟਰੈਫਿਕ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁੱਖ ਮਾਰਗ ਦੀ ਭਾਰੀ ਟਰੈਫਿਕ ਤੋਂ ਇਲਾਵਾ ਸਹਾਇਕ ਸੜਕਾਂ ’ਤੇ ਗ਼ਲਤ ਦਿਸ਼ਾ ਵੱਲ ਚੱਲਣ ਵਾਲੀ ਟਰੈਫਿਕ ਕਾਰਨ ਆਮ ਵਿਅਕਤੀਆਂ ਤੋਂ ਸੜਕ ਪਾਰ ਨਹੀਂ ਹੁੰਦੀ, ਪਰ ਸਕੂਲੀ ਬੱਚੇ ਇਹ ਖ਼ਤਰਾ ਹਰ ਰੋਜ਼ ਲੈਂਦੇ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਹਾਈਵੇਅ ਅਥਾਰਿਟੀ ਤੋਂ ਮੰਗ ਕੀਤੀ ਕਿ ਮੁੱਖ ਮਾਰਗ ’ਤੇ ਸਕੂਲੀ ਬੱਚਿਆਂ ਦੀ ਸਹੂਲਤ ਲਈ ਅੰਡਰ ਬਰਿੱਜ ਜਾਂ ਪੌੜੀਆਂ ਵਾਲਾ ਪੁਲ ਬਣਾਇਆ ਜਾਵੇ।