ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 30 ਅਕਤੂਬਰ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਲਗਾਤਾਰ ਵਧ ਰਹੇ ਡੇਂਗੂ ਬੁਖ਼ਾਰ ਦੇ ਕੇਸਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਹੁਣ ਪਹਿਲਾਂ ਨਾਲੋਂ ਵਧੇਰੇ ਚੌਕਸ ਹੋ ਗਿਆ ਹੈ। ਵੱਡੇ ਕਸਬਿਆਂ, ਕਲੋਨੀਆਂ ਅਤੇ ਸਲੱਮ ਏਰੀਆ ਨੂੰ ਵਧੇਰੇ ਤਵੱਜੋ ਦਿੱਤੀ ਜਾ ਰਹੀ ਹੈ। ਸਿਹਤ ਵਿਭਾਗ ਦੀ ਟੀਮ ਨੇ ਪਿੰਡ ਬਲੌਂਗੀ ਵਿੱਚ ਘਰ-ਘਰ ਜਾ ਕੇ ਜਾਂਚ ਕੀਤੀ ਅਤੇ ਗਲੀ ਮੁਹੱਲਿਆਂ ਵਿੱਚ ਫੌਗਿੰਗ ਕੀਤੀ ਗਈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਮਰੀਜ਼ਾਂ ਦਾ ਭੁਲੇਖਾ ਦੂਰ ਕਰਦਿਆਂ ਕਿਹਾ ਕਿ ਬੁਖ਼ਾਰ ਦੌਰਾਨ ਪਲੇਟਲੈੱਟਸ ਘੱਟ ਜਾਂਦੇ ਹਨ। ਬੱਕਰੀ ਦਾ ਦੁੱਧ ਜਾਂ ਕੀਵੀ ਫਲ ਪਲੇਟਲੈੱਟਸ ਵਧਾਉਣ ਵਿੱਚ ਸਹਾਈ ਨਹੀਂ ਹੁੰਦੇ। ਮਰੀਜ਼ ਨੂੰ ਤਰਲ ਪਦਾਰਥ ਪਾਣੀ, ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰਨ ਅਤੇ ਆਰਾਮ ਕਰਨਾ ਚਾਹੀਦਾ ਹੈ।
ਡੇਰਾਬਸੀ ਵਿੱਚ ਡੇਂਗੂ ਸਰਵੇ ਤੇ ਫੌਗਿੰਗ ਕਾਰਵਾਈ
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਸਿਹਤ ਵਿਭਾਗ ਵੱਲੋਂ ਅੱਜ ਵੱਖ-ਵੱਖ ਖੇਤਰਾਂ ਵਿੱਚ ਡੇਂਗੂ ਸਰਵੇ ਕਰਵਾਇਆ ਗਿਆ। ਇਸ ਦੌਰਾਨ ਰੇਲਵੇ ਕਲੋਨੀ, ਮੀਰਪੁਰ ਅਤੇ ਇੰਦਰਾ ਕਲੋਨੀ ਮੁਬਾਰਕਪੁਰ ਵਿੱਚ ਡੇਂਗੂ ਕੰਟੇਨਰ ਸਰਵੇ ਕੀਤਾ ਅਤੇ ਫੌਗਿੰਗ ਕੀਤੀ ਗਈ। ਸਰਵੇ ਦੌਰਾਨ 210 ਘਰਾਂ ਦਾ ਸਰਵੇ ਕਰਕੇ 370 ਕੰਟੇਨਰਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਦੋ ਕੰਟੇਨਰ ਡੇਂਗੂ ਮੱਛਰ ਦੇ ਲਾਰਵੇ ਵਾਲੇ ਮਿਲੇ ਜਿਨ੍ਹਾਂ ਨੂੰ ਟੀਮਾਂ ਵੱਲੋਂ ਨਸ਼ਟ ਕਰਵਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੀ ਟੀਮ ਦੇ ਸੁਪਰਡੈਂਟ ਬਲਬੀਰ ਸਿੰਘ ਢਾਕਾ ਵਲੋਂ ਡੇਂਗੂ ਕੰਟੇਨਰ ਵਾਲੇ ਘਰਾਂ ਦੇ ਮੌਕੇ ’ਤੇ ਚਲਾਨ ਕੱਟੇ ਗਏ। ਹੈਲਥ ਇੰਸਪੈਕਟਰ ਸ਼ਿਵ ਕੁਮਾਰ ਤੇ ਟੀਮ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਿਹਤ ਵਿਭਾਗ ਨੂੰ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਸ਼ਿਵ ਕੁਮਾਰ ਐੱਸਆਈ, ਦਲਬੀਰ ਸਿੰਘ, ਕੁਲਵਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਰਵੀ ਭੂਸ਼ਨ ਹਾਜ਼ਰ ਸਨ।