ਪੰਜਾਬੀ ਟ੍ਰਿਬਿਊਨ ਵੈੈੱਬ ਡੈੱਸਕ
ਚੰਡੀਗੜ੍ਹ, 15 ਜੁਲਾਈ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਆਪਣੀ ਸਰਵ-ਕਾਲੀ ਉੱਚ ਰਾਸ਼ਟਰੀ ਸੰਸਥਾਗਤ ਦਰਜਾਬੰਦੀ-2022 ਪ੍ਰਾਪਤ ਕੀਤੀ ਹੈ। ਰਾਸ਼ਟਰੀ ਪੱਧਰ ‘ਤੇ ਸਿਖਰਲੀਆਂ 50 ਯੂਨੀਵਰਸਿਟੀਆਂ ਦੇ ਕਲੱਬ ਵਿੱਚ ਸਥਾਨ ਹਾਸਲ ਕੀਤਾ ਹੈ। ਇਹ ਉੱਤਰੀ ਖੇਤਰ (ਜੰਮੂ, ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼) ਦੀ ਇੱਕੋ ਇੱਕ ਸਰਕਾਰੀ ਯੂਨੀਵਰਸਿਟੀ ਹੈ, ਜੋ ਭਾਰਤ ਵਿੱਚ ਸਿਖਰਲੇ 44ਵੇਂ ਸਥਾਨ ’ਤੇ ਹੈ। ਪਿਛਲੇ ਸਾਲ ਦੀ ਦਰਜਾਬੰਦੀ ਦੇ ਮੁਕਾਬਲੇ ਯੂਨੀਵਰਸਿਟੀ ਨੇ 2022 ਵਿੱਚ ਆਪਣੀ ਰੈਂਕਿੰਗ ਨੂੰ 9 ਸਥਾਨਾਂ ਦੀ ਛਾਲ ਮਾਰੀ ਹੈ। ਕੁੱਲ ਮਿਲਾ ਇਸ ਵਰਗ ਵਿਚਲੀਆਂ ਸਟੇਟ ਫੰਡਿਡ ਸਰਕਾਰੀ ਯੂਨੀਵਰਸਿਟੀਆਂ ਵਜੋਂ ਇਸ ਦਾ 14ਵਾਂ ਸਥਾਨ ਹੈ। ਇਹ ਜਾਮੀਆ ਹਮਦਰਦ ਯੂਨੀਵਰਸਿਟੀ, ਬੰਬਈ ਯੂਨੀਵਰਸਿਟੀ, ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼, ਬੰਗਲੌਰ ਯੂਨੀਵਰਸਿਟੀ, ਕਸ਼ਮੀਰ ਯੂਨੀਵਰਸਿਟੀ ਅਤੇ ਤੇਜ਼ਪੁਰ ਯੂਨੀਵਰਸਿਟੀ ਤੋਂ ਉਪਰਲਾ ਦਰਜਾ ਪ੍ਰਾਪਤ ਹੈ। ਇਹ 1 ਤੋਂ 150 ਦੇ ਬੈਂਡ ਵਿੱਚ ਰੈਂਕਿੰਗ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਇੱਕੋ ਇੱਕ ਸਰਕਾਰੀ ਯੂਨੀਵਰਸਿਟੀ ਹੈ। ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਜਸਪਾਲ ਸਿੰਘ ਸੰਧੂ ਨੇ ਇਸ ਪ੍ਰਾਪਤੀ ਲਈ ਸਾਰਿਆਂ ਦੇ ਯੋਗਦਾਨ ਦੀ ਪ੍ਰਸੰਸ਼ਾ ਕੀਤੀ ਤੇ ਵਧਾਈ ਦਿੱਤੀ ਹੈ।