ਪੱਤਰ ਪ੍ਰੇਰਕ
ਚੰਡੀਗੜ੍ਹ, 25 ਅਪਰੈਲ
ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਅਧੀਨ ਚੱਲ ਰਹੇ ਮੈਂਟਲ ਹੈਲਥ ਇੰਸਟੀਚਿਊਟ ਦੇ ਸਕਿਉਰਿਟੀ ਗਾਰਡ ਮੋਬਾਈਲ ਫੋਨ ਦੀ ਵਰਤੋਂ ਨੂੰ ਲੈ ਕੇ ਕਸੂਤੇ ਫਸੇ ਹੋਏ ਹਨ। ਜੇਕਰ ਉਹ ਮੋਬਾਈਲ ਫ਼ੋਨ ਦੀ ਵਰਤੋਂ ਕਰਦੇ ਹਨ ਤਾਂ ਸਿਹਤ ਸਕੱਤਰ ਦੀ ਡਾਂਟ ਝੱਲਣੀ ਪੈਂਦੀ ਹੈ ਅਤੇ ਜੇਕਰ ਨਹੀਂ ਕਰਦੇ ਤਾਂ ਉਨ੍ਹਾਂ ਦੀ ਆਊਟਸੋਰਸਿੰਗ ਕੰਪਨੀ ਦਾ ਠੇਕੇਦਾਰ ਨੌਕਰੀ ਤੋਂ ਕੱਢਣ ਦੀ ਧਮਕੀ ਦੇ ਦਿੰਦਾ ਹੈ। ਇਸ ਤੋਂ ਪ੍ਰੇਸ਼ਾਨ ਸਕਿਉਰਿਟੀ ਗਾਰਡਾਂ ਨੇ ਮੈਡੀਕਲ ਸੁਪਰਡੈਂਟ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ। ਮੈਂਟਲ ਹੈਲਥ ਇੰਸਟੀਚਿਊਟ ਦੀ ਯੂਨੀਅਨ ਦੇ ਪ੍ਰਧਾਨ ਸ਼ਿਵ ਕੁਮਾਰ ਅਤੇ ਯੂਟੀ ਚੰਡੀਗੜ੍ਹ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਸੁਖਬੀਰ ਸਿੰਘ ਨੇ ਦੱਸਿਆ ਕਿ ਠੇਕੇਦਾਰ ਨੇ ਸਾਰੇ ਗਾਰਡਾਂ ਨੂੰ ਆਪਣਾ ਮੋਬਾਈਲ ਫੋਨ ਆਨ ਰੱਖਣ ਦਾ ਹੁਕਮ ਸੁਣਾਇਆ ਹੈ। ਯੂਨੀਅਨ ਆਗੂਆਂ ਨੇ ਇਹ ਵੀ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਸਿਹਤ ਸਕੱਤਰ ਯਸ਼ਪਾਲ ਗਰਗ ਵੱਲੋਂ ਜੀਐੱਮਸੀਐੱਚ-32, ਜੀਐੱਮਐੱਸਐੱਚ-16 ਅਤੇ ਹੋਰ ਕਈ ਹਸਪਤਾਲਾਂ ਵਿੱਚ ਅਚਾਨਕ ਚੈਕਿੰਗ ਕੀਤੀ ਗਈ ਸੀ। ਉਸ ਚੈਕਿੰਗ ਦੌਰਾਨ ਕਈ ਥਾਵਾਂ ਉਤੇ ਕੁਝ ਵਰਕਰ ਫੋਨਾਂ ਵਿੱਚ ‘ਰੁੱਝੇ ਹੋਏ’ ਮਿਲੇ ਸਨ ਜਿਸ ਕਰਕੇ ਉਨ੍ਹਾਂ ਵਰਕਰਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤੇ ਸਨ।