ਹਰਜੀਤ ਸਿੰਘ
ਡੇਰਾਬੱਸੀ, 24 ਫਰਵਰੀ
ਗਮਾਡਾ ਵੱਲੋਂ ਅੱਜ ਨਾਜਾਇਜ਼ ਕਲੋਨੀਆਂ ਖ਼ਿਲਾਫ਼ ਮੁਹਿੰਮ ਵਿੱਢਦੇ ਹੋਏ ਚਾਰ ਕਲੋਨੀਆਂ ਵਿੱਚ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਗਿਆ। ਇਸ ਦੌਰਾਨ ਗਮਾਡਾ ਨੇ ਜੇਸੀਬੀ ਦੀ ਮਦਦ ਨਾਲ ਨਾਜਾਇਜ਼ ਕਲੋਨੀਆਂ ਵਿੱਚ ਹੋ ਰਹੀਆਂ ਉਸਾਰੀਆਂ ਤੇ ਕਲੋਨੀ ਵਿੱਚ ਬਿਨਾਂ ਮਨਜ਼ੂਰੀ ਤੋਂ ਬਣਾਈ ਗਲੀਆਂ ਨੂੰ ਵੀ ਤੋੜ ਦਿੱਤਾ।
ਪਿੰਡ ਭਾਂਖਰਪੁਰ ’ਚ ਕੀਤੀ ਗਮਾਡਾ ਦੀ ਇਸ ਕਾਰਵਾਈ ਨਾਲ ਪੂਰੇ ਖੇਤਰ ਦੇ ਕਲੋਨਾਈਜ਼ਰਾਂ ’ਚ ਭਾਜੜਾਂ ਪੈ ਗਈਆਂ। ਦੂਜੇ ਪਾਸੇ ਕਲੋਨੀਆਂ ਵਿੱਚ ਪਲਾਟ ਲੈਣ ਵਾਲੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੱਖਾਂ ਰੁਪਏ ਖਰਚ ਕਰ ਪਲਾਟ ਖਰੀਦੇ ਗਏ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਲੋਨੀ ਕੱਟਣ ਤੋਂ ਪਹਿਲਾਂ ਹੀ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਕੇ ਕੰਮ ਬੰਦ ਕਰਵਾਉਣਾ ਚਾਹੀਦਾ ਹੈ।
ਇਕੱਤਰ ਜਾਣਕਾਰੀ ਅਨੁਸਾਰ ਡੇਰਾਬੱਸੀ ਖੇਤਰ ਵਿੱਚ ਨਾਜਾਇਜ਼ ਕਲੋਨੀਆਂ ਦੀ ਭਰਮਾਰ ਹੈ। ਡੇਰਾਬੱਸੀ ਦੇ ਪਿੰਡਾਂ ਵਿੱਚ ਕਲੋਨਾਈਜ਼ਰਾਂ ਵੱਲੋਂ ਵੱਡੀ ਤਾਦਾਤ ’ਚ ਬਿਨਾਂ ਮਨਜ਼ੂਰੀ ਨਾਜਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ। ਨਾਜਾਇਜ਼ ਕਲੋਨੀਆਂ ਨਾਲ ਜਿਥੇ ਪੰਜਾਬ ਸਰਕਾਰ ਨੂੰ ਲੱਖਾਂ ਰੁਪਏ ਦਾ ਫੀਸ ਦੇ ਰੂਪ ਵਿੱਚ ਮਿਲਣ ਮਾਲੀਆ ਦਾ ਘਾਟਾ ਪੈ ਰਿਹਾ ਹੈ। ਉਥੇ ਨਾਜਾਇਜ਼ ਕਲੋਨੀਆਂ ਵਿੱਚ ਕਲੋਨਾਈਜ਼ਰਾਂ ਵੱਲੋਂ ਵਧ ਮੁਨਾਫ਼ੇ ਦੇ ਲਾਲਚ ਵਿੱਚ ਤੰਗ ਗਲੀਆਂ ਛੱਡਣ ਤੋਂ ਇਲਾਵਾ ਬੁਨਿਆਦੀ ਸਹੂਲਤਾਂ ਨਹੀਂ ਦਿੰਦੇ। ਇਸ ਨਾਲ ਇਥੇ ਰਹਿਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਬੰਧੀ ਗੱਲ ਕਰਨ ’ਤੇ ਕਾਰਵਾਈ ਦੀ ਅਗਵਾਈ ਕਰ ਰਹੇ ਜੇਈ ਮਾਨਿਕ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪਿੰਡ ਭਾਂਖਰਪੁਰ ਵਿੱਚ ਬਿਨਾਂ ਕਿਸੇ ਮਨਜ਼ੂਰੀ ਤੋਂ ਖੇਤਾਂ ਵਿੱਚ ਨਾਜਾਇਜ਼ ਕਲੋਨੀਆਂ ਕੱਟੀ ਜਾ ਰਹੀਆਂ ਹਨ।
ਇਸ ਉੱਤੇ ਅੱਜ ਕਾਰਵਾਈ ਕਰਦਿਆਂ ਚਾਰ ਦੇ ਕਰੀਬ ਨਾਜਾਇਜ਼ ਕਲੋਨੀਆਂ ਵਿੱਚ ਹੋ ਰਹੇ ਨਾਜਾਇਜ਼ ਉਸਾਰੀਆਂ ਨੂੰ ਤੋੜਨ ਤੋਂ ਇਲਾਵਾ ਇਨ੍ਹਾਂ ਕਲੋਨੀਆਂ ਦਾ ਸੀਵਰੇਜ ਲਾਈਨ ਕੱਟ ਦਿੱਤਾ ਗਈ ਜਿਸ ਨੂੰ ਨਾਜਾਇਜ਼ ਜੋੜਿਆ ਗਿਆ ਸੀ। ਇਸ ਤੋਂ ਇਲਾਵਾ ਇਨ੍ਹਾਂ ਕਲੋਨੀਆਂ ਵਿੱਚ ਉਸਾਰੀ ਸੜਕਾਂ ਨੂੰ ਤੋੜ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਨਾਜਾਇਜ਼ ਕਲੋਨੀਆਂ ਖ਼ਿਲਾਫ਼ ਹੁਣ ਇਹ ਕਾਰਵਾਈ ਲਗਾਤਾਰ ਜਾਰੀ ਹੈ।