ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 23 ਦਸੰਬਰ
ਮੁਹਾਲੀ ਦੇ ਵੱਖ-ਵੱਖ ਸੈਕਟਰਾਂ ਵਿੱਚ ਪਾਣੀ ਅਤੇ ਸੀਵਰੇਜ ਦੇ ਖ਼ਰਚਿਆਂ ਵਿੱਚ ਅਸਮਾਨਤਾ ਦੇ ਦੌਰ ਨੂੰ ਖ਼ਤਮ ਕਰਦਿਆਂ ਗਮਾਡਾ ਵੱਲੋਂ ਅੱਜ ਰਸਮੀ ਤੌਰ ’ਤੇ ਜਲ ਸਪਲਾਈ ਅਤੇ ਸੀਵਰੇਜ ਦਾ ਸੰਚਾਲਨ ਅਤੇ ਰੱਖ-ਰਖਾਅ ਨਗਰ ਨਿਗਮ ਨੂੰ ਸੌਂਪਿਆ ਗਿਆ। ਇਸ ਦੇ ਨਾਲ ਨਿਗਮ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸਾਰੇ ਸੈਕਟਰਾਂ ਵਿੱਚ ਜਲ ਸਪਲਾਈ ਦੇ ਇਕ ਬਰਾਬਰ ਚਾਰਜ ਲਏ ਜਾਣਗੇ। ਇਸ ਸਬੰਧੀ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਨੇ ਸਮਝੌਤਾ ਸਹੀਬੱਧ ਕੀਤਾ।
ਨਗਰ ਨਿਗਮ ਭਵਨ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਇਸ ਸਮਝੌਤੇ ਨਾਲ ਸੋਹਾਣਾ, ਕੁੰਭੜਾ ਅਤੇ ਸੈਕਟਰ-66 ਤੋਂ 69 ਤੇ ਸੈਕਟਰ-76 ਤੋਂ 80 ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਗਮਾਡਾ ਪਾਣੀ ਦੀ ਸਪਲਾਈ ਲਈ ਔਸਤਨ 10 ਰੁਪਏ ਪ੍ਰਤੀ 1000 ਲੀਟਰ ਚਾਰਜ ਕਰਦਾ ਸੀ ਜਦੋਂਕਿ ਨਗਰ ਨਿਗਮ ਸਿਰਫ਼ 1.80 ਰੁਪਏ ਪ੍ਰਤੀ 1000 ਲੀਟਰ ਵਸੂਲ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਹਾਲੀ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਵੱਖ-ਵੱਖ ਰਿਹਾਇਸ਼ੀ ਸੁਸਾਇਟੀਆਂ ਦੇ ਅੰਦਰੂਨੀ ਵਿਕਾਸ ਕਾਰਜਾਂ ’ਤੇ 3.5 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ। ਹਾਊਸਫੈੱਡ ਅਪਾਰਟਮੈਂਟ ਦੇ ਵਿਕਾਸ ’ਤੇ 100 ਕਰੋੜ ਖ਼ਰਚੇ ਜਾਣਗੇ।
ਇਸ ਮੌਕੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਸੀਨੀਅਰ ਕਾਂਗਰਸ ਆਗੂ ਜੀਐਸ ਰਿਆੜ, ਸੁੱਚਾ ਸਿੰਘ ਕਲੌੜ, ਰਾਜੇਸ਼ ਲਖੋਤਰਾ, ਨਵਤੇਜ ਬਾਂਸਲ, ਗੁਰਮੁੱਖ ਸਿੰਘ, ਕੁਲਵਿੰਦਰ ਸੰਜੂ, ਵਿਨੀਤ ਮਲਿਕ ਅਤੇ ਚੈਰੀ ਸਿੱਧੂ ਵੀ ਮੌਜੂਦ ਸਨ।
ਜਲ ਸਪਲਾਈ ’ਚ ਸੁਧਾਰ ਲਈ ਅੱਠ ਟੈਂਕਰ ਖ਼ਰੀਦੇ
ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਗਰ ਨਿਗਮ ਭਵਨ ਤੋਂ ਇਕ ਟਰੈਕਟਰ ਅਤੇ 4 ਹਜ਼ਾਰ ਲੀਟਰ ਸਮਰੱਥਾ ਵਾਲੇ ਪਾਣੀ ਦੇ 8 ਟੈਂਕਰਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 26 ਲੱਖ ਰੁਪਏ ਦੀ ਲਾਗਤ ਨਾਲ ਖ਼ਰੀਦੇ ਪਾਣੀ ਦੇ ਟੈਂਕਰਾਂ ਨੂੰ ਲੋਕ ਅਰਪਣ ਕਰਦਿਆਂ ਉਨ੍ਹਾਂ ਉਮੀਦ ਜਤਾਈ ਕਿ ਇਹ ਸ਼ਹਿਰ ਵਿੱਚ ਐਮਰਜੈਂਸੀ ਵੇਲੇ ਜਾਂ ਪਾਈਪਾਂ ਦੀ ਮੁਰੰਮਤ ਸਮੇਂ ਪਾਣੀ ਦੀ ਸਪਲਾਈ ਲਈ ਸਹਾਈ ਹੋਣਗੇ। ਉਨ੍ਹਾਂ ਦੱਸਿਆ ਕਿ ਜਨਵਰੀ ਦੇ ਪਹਿਲੇ ਹਫ਼ਤੇ ਨਗਰ ਨਿਗਮ ਵੱਲੋਂ 33 ਲੱਖ ਰੁਪਏ ਵਾਲੀ ਛੰਗਾਈ ਵਾਲੀ ਮਸ਼ੀਨ ਖਰੀਦੀ ਜਾਵੇਗੀ। ਇਹ ਮਸ਼ੀਨ 65 ਫੁੱਟ ਉੱਚੇ ਦਰੱਖ਼ਤਾਂ ਦੀ ਛੰਗਾਈ ਵਿੱਚ ਸਹਾਇਤਾ ਕਰੇਗੀ।