ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ)/ਖਰੜ, 9 ਅਪਰੈਲ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਸ਼ੁੱਕਰਵਾਰ ਨੂੰ ਪਿੰਡ ਰਸਨਹੇੜੀ ਅਤੇ ਤ੍ਰਿਪੜੀ ਵਿੱਚ ਵਾਹੀਯੋਗ ਜ਼ਮੀਨ ਵਿੱਚ ਕਥਿਤ ਤੌਰ ’ਤੇ ਅਣਅਧਿਕਾਰਤ ਕਲੋਨੀਆਂ ਵਿੱਚ ਕੀਤੀਆਂ ਜਾ ਰਹੀਆਂ ਉਸਾਰੀਆਂ ਨੂੰ ਤਹਿਸ-ਨਹਿਸ ਕੀਤਾ ਗਿਆ। ਇਸ ਕਾਰਵਾਈ ਨੂੰ ਗਮਾਡਾ ਦੇ ਐਸਡੀਓ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਨੇਪਰੇ ਚਾੜ੍ਹਿਆ ਗਿਆ।
ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਥਾਵਾਂ ’ਤੇ 3 ਵੱਖ-ਵੱਖ ਅਣਅਧਿਕਾਰਤ ਕਲੋਨੀਆਂ ਦਾ ਕੰਮ ਚਲ ਰਿਹਾ ਸੀ। ਇਸ ਦੌਰਾਨ ਕਰੀਬ ਦੋ ਦਰਜਨ ਤੋਂ ਵੱਧ ਉਸਾਰੀਆਂ ’ਤੇ ਬੁਲਡੋਜ਼ਰ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਥਾਵਾਂ ’ਤੇ ਮਕਾਨਾਂ ਦੀਆਂ ਨੀਂਹਾਂ ਭਰਨ ਦਾ ਕੰਮ ਜੰਗ ਪੱਧਰ ’ਤੇ ਕੀਤਾ ਜਾ ਰਿਹਾ ਸੀ ਜਿਸ ਨੂੰ ਗਮਾਡਾ ਦੀ ਟੀਮ ਨੇ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਮਗਰੋਂ ਇੱਧਰ ਆਵਾਜਾਈ ਰੋਕਣ ਲਈ ਸੜਕਾਂ ਵਿੱਚ ਖੱਡੇ ਪੁੱਟੇ ਹਨ।
ਐੱਸਡੀਓ ਨੇ ਕਿਹਾ ਕਿ ਗਮਾਡਾ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਖੇਤਾਂ ਵਿੱਚ ਅਣਅਧਿਕਾਰਤ ਤਰੀਕੇ ਨਾਲ ਪਲਾਟ ਕੱਟ ਕੇ ਵੇਚਣ ਵਾਲੇ ਕਲੋਨਾਈਜ਼ਰਾਂ ਖ਼ਿਲਾਫ਼ ਕਾਰਵਾਈ ਵਿੱਢੀ ਗਈ ਹੈ। ਇਸ ਤੋਂ ਪਹਿਲਾਂ ਮੁਹਾਲੀ ਦੀ ਜੂਹ ਵਿੱਚ ਬੜਮਾਜਰਾ, ਝਾਮਪੁਰ ਅਤੇ ਬਹਿਲੋਲਪੁਰ ਸਮੇਤ ਹੋਰਨਾਂ ਪੇਂਡੂ ਖੇਤਰਾਂ ਵਿੱਚ ਅਜਿਹੀ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਕਾਰਵਾਈ ਜਾਰੀ ਰਹੇਗੀ।