ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 14 ਜੁਲਾਈ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਨਾਜਾਇਜ਼ ਕਲੋਨੀਆਂ ਕੱਟਣ ਵਾਲੇ ਕਲੋਨਾਈਜ਼ਰਾਂ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸ ਦਿੱਤਾ ਹੈ। ਇਸ ਸਬੰਧੀ ਬਲੌਂਗੀ ਥਾਣੇ ਵਿੱਚ ਗਮਾਡਾ ਦੀ ਸ਼ਿਕਾਇਤ ’ਤੇ 48 ਕਲੋਨਾਈਜ਼ਰਾਂ ਖ਼ਿਲਾਫ਼ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਐਕਟ ਦੀਆਂ ਧਾਰਾਵਾਂ ਤਹਿਤ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਗਮਾਡਾ ਅਤੇ ਬਲੌਂਗੀ ਪੁਲੀਸ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਕਾਰਵਾਈ ਹੈ। ਫਿਲਹਾਲ ਇਸ ਮਾਮਲੇ ਵਿੱਚ ਨਾਮਜ਼ਦ ਕਿਸੇ ਕਲੋਨਾਈਜਰ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਦੇਖਣ ਅਤੇ ਸੁਣਨ ਵਿੱਚ ਆਇਆ ਹੈ ਕਿ ਮੁਹਾਲੀ ਨਾਲ ਲੱਗਦੇ ਪਿੰਡਾਂ ਦੀਆਂ ਵਾਹੀਯੋਗ ਜ਼ਮੀਨਾਂ ’ਤੇ ਕੁਝ ਵਿਅਕਤੀਆਂ ਵੱਲੋਂ ਕਾਨੂੰਨ ਨੂੰ ਛਿੱਕੇ ’ਤੇ ਟੰਗ ਕੇ ਅਣ-ਅਧਿਕਾਰਤ ਕਲੋਨੀਆਂ ਕੱਟ ਕੇ ਮਕਾਨ, ਦੁਕਾਨਾਂ ਅਤੇ ਫਲੈਟਾਂ ਦੀ ਉਸਾਰੀ ਕੀਤੀ ਜਾ ਰਹੀ ਸੀ। ਹਾਲਾਂਕਿ ਸਮੇਂ ਸਮੇਂ ਸਿਰ ਗਮਾਡਾ ਨੇ ਕਾਰਵਾਈ ਕਰਦਿਆਂ ਨਾਜਾਇਜ਼ ਉਸਾਰੀਆਂ ਢਾਹ ਦਿੱਤੀਆਂ ਗਈਆਂ ਹਨ ਪਰ ਇਸ ਕਾਰੋਬਾਰ ਨਾਲ ਜੁੜੇ ਲੋਕ ਬਾਜ ਨਹੀਂ ਆ ਰਹੇ ਹਨ ਅਤੇ ਉਹ ਖੇਤਾਂ ਵਿੱਚ ਪਲਾਟ ਕੱਟ ਕੇ ਧੜੱਲੇ ਨਾਲ ਵੇਚਦੇ ਆ ਰਹੇ ਸਨ।
ਇਸ ਸਬੰਧੀ ਗਮਾਡਾ ਅਧਿਕਾਰੀ ਵੱਲੋਂ ਐੱਸਐੱਸਪੀ ਨੂੰ ਨਾਜਾਇਜ਼ ਕਲੋਨੀਆਂ ਕੱਟਣ ਵਾਲੇ ਕਲੋਨਾਈਜ਼ਰਾਂ ਖ਼ਿਲਾਫ਼ ਸ਼ਿਕਾਇਤ ਦੇ ਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਜ਼ਿਲ੍ਹਾ ਪੁਲੀਸ ਮੁਖੀ ਨੇ ਸਬੰਧਤ ਸ਼ਿਕਾਇਤਾਂ ਦੀ ਪੜਤਾਲਾਂ ਦਾ ਕੰਮ ਬਲੌਂਗੀ ਥਾਣਾ ਦੇ ਐੱਸਐੱਚਓ ਨੂੰ ਸੌਂਪਿਆ ਗਿਆ। ਮੁੱਢਲੀ ਜਾਂਚ ਤੋਂ ਬਾਅਦ 48 ਵਿਅਕਤੀਆਂ ਨੂੰ ਕਸੂਰਵਾਰ ਠਹਿਰਾਉਂਦਿਆਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
ਬਲੌਂਗੀ ਥਾਣੇ ਵਿੱਚ ਦਰਜ ਮਾਮਲੇ ਵਿੱਚ ਮਨਜੀਤ ਸਿੰਘ, ਪ੍ਰਭਜੋਤ ਸਿੰਘ, ਸਵਰਨਜੀਤ ਕੌਰ, ਮੁਹੰਮਦ ਅਸ਼ਰਫ਼, ਸਵਰਣ ਸਿੰਘ, ਦਰਸ਼ਨ ਸਿੰਘ, ਬ੍ਰਿਜਪਾਲ ਹਾਸ਼ਿਮ, ਬ੍ਰਿਜਪਾਲ, ਮਦਨ ਸਿੰਘ, ਜਸਪਾਲ ਸਿੰਘ, ਰਾਜਪਾਲ, ਓਮਪਾਲ, ਲੱਜਾ ਰਾਮ, ਜਗਰੋਸ਼ਨ ਸਿੰਘ, ਅਸਲਮ ਖ਼ਾਨ, ਦਲਜੀਤ ਸਿੰਘ, ਪਰਮਜੀਤ ਸਿੰਘ, ਮਹਿੰਦਰ ਸਿੰਘ ਠਾਕੁਰ, ਚਰਨਜੀਤ ਕੌਰ, ਗੁਰਪ੍ਰੀਤ ਸਿੰਘ, ਹਰਿੰਦਰਜੀਤ ਸਿੰਘ, ਹਰਸਿਮਰਤ ਸਿੰਘ, ਕੁਲਵੀਰ ਸਿੰਘ, ਗੁਰਮੇਲ ਸਿੰਘ, ਸੌਦਾਗਰ ਸਿੰਘ, ਸੁਖਦੇਵ ਸਿੰਘ, ਮਨਵੀਰ ਸਿੰਘ, ਜਸਬੀਰ ਸਿੰਘ, ਮਨਜੀਤ ਕੌਰ, ਨਵਰੀਤ ਕੌਰ, ਜਸਕਰਨ ਸਿੰਘ, ਜਸਬੀਰ ਸਿੰਘ, ਮਨਪ੍ਰੀਤ ਸਿੰਘ, ਸਲੀਮ ਖਾਨ, ਯਸ਼ਪਾਲ ਜੱਗੀ, ਪਰਮਿੰਦਰ ਸਿੰਘ, ਜਸਪ੍ਰੀਤ ਸਿੰਘ, ਗੁਰਮੀਤ ਸਿੰਘ, ਰਾਜਿੰਦਰ ਕੁਮਾਰ, ਕਮਲਜੀਤ ਸਿੰਘ, ਸੁਪਿੰਦਰ ਸਿੰਘ, ਸੁਖਦੇਵ ਸਿੰਘ, ਸਲਮਾਨ, ਅਸਲਮ ਖਾਨ, ਸਵਰਾਤੀ ਖ਼ਾਨ, ਰਾਜਿੰਦਰ ਸਿੰਘ ਰਾਠੌਰ, ਹਰਮਨਪ੍ਰੀਤ ਸਿੰਘ ਅਤੇ ਜੋਗਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।
ਪਿੰਡ ਕਾਕੜੂ ਵਿੱਚ ਨਾਜਾਇਜ਼ ਕਲੋਨੀਆਂ ਢਾਹੀਆਂ
ਅੰਬਾਲਾ: ਜ਼ਿਲ੍ਹਾ ਨਗਰ ਯੋਜਨਾਕਾਰ ਦੇ ਦਸਤੇ ਨੇ ਚੰਡੀਗੜ੍ਹ ਰੋਡ ’ਤੇ ਸਥਿਤ ਪਿੰਡ ਕਾਕੜੂ ਵਿੱਚ ਨਵਜੋਤੀ ਸਿੰਘ ਪੁੱਤਰ ਮਨਮੋਹਨ ਸਿੰਘ, ਸੁਖਜੀਤ ਸਿੰਘ ਪੁੱਤਰ ਕਰਤਾਰ ਸਿੰਘ ਆਦਿ ਵੱਲੋਂ ਕਰੀਬ 5 ਏਕੜ ਅਤੇ ਅਮਰਜੀਤ ਸਿੰਘ ਪੁੱਤਰ ਅਜੀਤ ਸਿੰਘ ਵੱਲੋਂ ਇੱਕ ਏਕੜ ਵਿੱਚ ਕੱਟੀਆਂ ਨਾਜਾਇਜ਼ ਕਲੋਨੀਆਂ ਵਿੱਚ ਕੱਚੀਆਂ ਸੜਕਾਂ ਦੇ ਜਾਲ ਅਤੇ ਇੱਕ ਨਿਰਮਾਣ ਅਧੀਨ ਇਮਾਰਤ ਤੇ ਇੱਕ ਨੀਂਹ ਨੂੰ ਜੇਸੀਬੀ ਦੀ ਮਦਦ ਨਾਲ ਪੂਰੀ ਤਰ੍ਹਾਂ ਹਟਾ ਦਿੱਤਾ। ਜ਼ਿਲ੍ਹਾ ਯੋਜਨਾਕਾਰ ਸ਼੍ਰੀਮਤੀ ਸਵਿਜਾ ਜਿੰਦਲ ਨੇ ਦੱਸਿਆ ਕਿ ਕਾਰਵਾਈ ਕਰਨ ਲਈ ਗਈ ਟੀਮ ਵਿੱਚ ਡਿਊਟੀ ਮੈਜਿਸਟ੍ਰੇਟ ਸਹਾਇਕ ਇੰਜੀਨੀਅਰ ਨਗਰ ਨਿਗਮ ਵਿਪਿਨ ਬੁਰਾ, ਸਹਾਇਕ ਨਗਰ ਯੋਜਨਾਕਾਰ ਰਾਜੇਸ਼ ਕੁਮਾਰ, ਜੇਈ ਜਗਮੇਲ ਸਿੰਘ ਅਤੇ ਭਾਰੀ ਪੁਲੀਸ ਫੋਰਸ ਹਾਜ਼ਰ ਸੀ। –ਨਿੱਜੀ ਪੱਤਰ ਪ੍ਰੇਰਕ