8 ਸਤੰਬਰ ਨੂੰ ਇੱਕੋ ਦਿਨ ਹੋਣਗੇ ਦੋ ਦੰਗਲ
ਕਰਮਜੀਤ ਸਿੰਘ ਚਿੱਲਾ
ਬਨੂੜ, 5 ਸਤੰਬਰ
ਇਲਾਕੇ ਦੇ ਪਿੰਡ ਗੀਗੇਮਾਜਰਾ ਵਿੱਚ ਨਾਮੀਂ ਮੇਲਾ ਬਾਬਾ ਗੁਸਾਂਈਆ ਵਾਲਾ ਦੀ ਛਿੰਝ ਇਸ ਵਾਰ ਪਾਰਟੀਬਾਜ਼ੀ ਦੀ ਭੇਟ ਚੜ੍ਹ ਗਈ ਹੈ। ਹਰ ਸਾਲ ਹੁੰਦੇ ਇੱਕ ਵੱਡੇ ਕੁਸ਼ਤੀ ਮੇਲੇ ਦੀ ਥਾਂ ਇਸ ਸਾਲ 8 ਸਤੰਬਰ ਨੂੰ ਦੋ ਦੰਗਲ ਕਰਵਾਏ ਜਾਣਗੇ। ਇੱਕ ਧਿਰ ਦੀ ਅਗਵਾਈ ਪਿੰਡ ਦੇ ਸਰਪੰਚ ਤਰਸੇਮ ਸਿੰਘ ਅਤੇ ਪ੍ਰਧਾਨ ਯੁੱਧਵੀਰ ਸਿੰਘ ਕਰ ਜਦਕਿ ਦੂਜੀ ਧਿਰ ਦੀ ਅਗਵਾਈ ਨਰਿੰਦਰ ਕੁਮਾਰ ਅਤੇ ਮੱਖਣ ਸਿੰਘ ਫ਼ੌਜੀ ਕਰ ਰਹੇ ਹਨ।
ਮੱਖਣ ਸਿੰਘ ਫੌਜੀ ਅਨੁਸਾਰ ਉਨ੍ਹਾਂ ਵੱਲੋਂ ਦੰਗਲ ਦੈੜੀ ਵਾਲੇ ਪਾਸੇ ਤੋਂ ਗੀਗੇਮਾਜਰਾ ਵੱਲ ਆਉਂਦੀ ਸੜਕ ਉੱਤੇ ਕਰਵਾਇਆ ਜਾਵੇਗਾ। ਇਸ ਵਿੱਚ ਜੱਸਾ ਪੱਟੀ ਅਤੇ ਸੁੱਖ ਬੱਬੇਹਾਲੀ ਵਿਚਾਲੇ ਝੰਡੀ ਦੀ ਕੁਸ਼ਤੀ ਹੋਵੇਗੀ ਅਤੇ ਜੇਤੂ ਪਹਿਲਵਾਨ ਨੂੰ ਬੁਲੇਟ ਮੋਟਰਸਾਈਕਲ ਇਨਾਮ ਵਜੋਂ ਦਿੱਤਾ ਜਾਵੇਗਾ। ਇਸ ਦੰਗਲ ਵਿੱਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਸਰਪੰਚ ਤਰਸੇਮ ਸਿੰਘ ਅਨੁਸਾਰ ਉਨ੍ਹਾਂ ਵੱਲੋਂ ਕਰਵਾਇਆ ਜਾਣ ਵਾਲਾ ਦਾ ਦੰਗਲ ਅਬਰਾਵਾਂ ਤੋਂ ਆ ਰਹੀ ਸੜਕ ਉੱਤੇ ਸਕੂਲ ਦੇ ਨੇੜੇ ਹੋਵੇਗਾ। ਇਸ ਵਿੱਚ ਪ੍ਰਦੀਪ ਜ਼ੀਰਕਪੁਰ ਤੇ ਸਮਸ਼ੇਰ ਦੀਨਾਨਗਰ ਅਤੇ ਪਰਮਿੰਦਰ ਡੂਮਛੇੜੀ ਤੇ ਕਰਮਾ ਪਟਿਆਲਾ ਵਿਚਕਾਰ ਇੱਕ ਲੱਖ ਦੇ ਇਨਾਮ ਵਾਲੀਆਂ ਝੰਡੀ ਦੀਆਂ ਕੁਸ਼ਤੀਆਂ ਹੋਣਗੀਆਂ। ਸਰਪੰਚ ਨੇ ਦੱਸਿਆ ਕਿ ਹਾਲੇ ਤੱਕ ਮੁੱਖ ਮਹਿਮਾਨ ਸਬੰਧੀ ਕੋਈ ਫ਼ੈਸਲਾ ਨਹੀਂ ਹੋ ਸਕਿਆ।