ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 21 ਸਤੰਬਰ
ਵੈਟਰਨਰੀ ਏਆਈ ਵਰਕਰ ਯੂਨੀਅਨ ਵੱਲੋਂ ਅੱਜ ਇੱਥੇ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਸੁਭਾਸ਼ ਚੰਦਰ ਦੇ ਦਫ਼ਤਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਨੇਤਰ ਸਿੰਘ ਅਤੇ ਸੂਬਾ ਜਰਨਲ ਸਕੱਤਰ ਸਰਬਜੀਤ ਸਿੰਘ ਅਜਨਾਲਾ ਨੇ ਦੱਸਿਆ ਕਿ ਉਹ ਸਾਰੇ ਪਸ਼ੂ ਪਾਲਣ ਵਿਭਾਗ ਵਿੱਚ ਪਿਛਲੇ ਡੇਢ ਦਹਾਕੇ ਤੋਂ ਬਤੌਰ ਏਆਈ ਵਰਕਰ (ਬਣਾਉਟੀ ਗਰਭਦਾਨ) ਬਿਨਾ ਕਿਸੇ ਤਨਖ਼ਾਹ ਜਾਂ ਮਾਣ-ਭੱਤੇ ਤੋਂ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਉਨ੍ਹਾਂ ਤੋਂ ਏਆਈ ਦੇ ਕੰਮ ਤੋਂ ਬਿਨਾ ਹੋਰ ਕੰਮ ਜਿਵੇਂ ਕਿ ਮੂੰਹ-ਖੁਰ ਦੀ ਵੈਕਸੀਨ, ਗਲ-ਘੋਟੂ ਵੈਕਸੀਨ, ਗੋਟ-ਪੌਕਸ ਵੈਕਸੀਨ, ਬਰੂਸਿਲੋਸੀਸ ਵੈਕਸੀਨ ਹੋਰ ਕਈ ਵੈਕਸੀਨਾਂ, ਪਸ਼ੂ ਭਲਾਈ ਕੈਂਪਾਂ, ਪਸ਼ੂ ਮੇਲਿਆਂ ਵਿੱਚ ਡਿਊਟੀ ਲਾਈ ਜਾਂਦੀ ਹੈ, ਪ੍ਰੰਤੂ ਇਸ ਦੇ ਇਵਜ਼ ਵਜੋਂ ਉਨ੍ਹਾਂ ਨੂੰ ਕੋਈ ਵੀ ਮਿਹਨਤਾਨਾ ਨਹੀਂ ਦਿੱਤਾ ਜਾਂਦਾ। ਇਸ ਦੇ ਬਾਵਜੂਦ ਵਰਕਰਾਂ ਵੱਲੋਂ ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ ਸਮੇਂ ਸਿਰ ਪਸ਼ੂ ਪਾਲਣ ਵਿਭਾਗ ਦੇ ਸਕੱਤਰ ਅਤੇ ਡਾਇਰੈਕਟਰ ਨੂੰ ਵਰਕਰਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਜਾਣੂ ਕਰਵਾਇਆ ਜਾਂਦਾ ਰਿਹਾ ਹੈ ਪ੍ਰੰਤੂ ਉੱਚ ਅਧਿਕਾਰੀਆਂ ਵੱਲੋਂ ਸ਼ੁਰੂ ਤੋਂ ਟਾਲ-ਮਟੋਲ ਵਾਲੀ ਨੀਤੀ ਅਪਣਾਈ ਹੋਈ ਹੈ ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਸਮੂਹ ਏਆਈ ਵਰਕਰਾਂ ਵੱਲੋਂ ਵਿਭਾਗ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਡਾਇਰੈਕਟਰ ਦਫ਼ਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ ਹੈ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਧਰਨਾ ਜਾਰੀ ਰਹੇਗਾ। ਇਸ ਮੌਕੇ ਜਸਵਿੰਦਰ ਸਿੰਘ ਨਾਭਾ, ਪਰਮਜੀਤ ਸਿੰਘ ਮੋਗਾ, ਕਰਮਚੰਦ ਸ਼ਰਮਾ, ਮੁਕੰਦ ਸਿੰਘ, ਰਛਪਾਲ ਸਿੰਘ ਫਾਜ਼ਿਲਕਾ, ਨਿਸ਼ਾਨ ਸਿੰਘ, ਜਗਵਿੰਦਰ ਸਿੰਘ ਮੁਹਾਲੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।