ਜਗਮੋਹਨ ਸਿੰਘ
ਘਨੌਲੀ, 23 ਜੂਨ
ਅੱਜ ਇਥੇ ਘਨੌਲੀ-ਰੂਪਨਗਰ ਮਾਰਗ ’ਤੇ ਪਿੰਡ ਖੁਆਸਪੁਰਾ ਨੇੜੇ ਹਾਦਸੇ ਦੌਰਾਨ ਕਾਰ ਤੇ ਆਟੋ ਦੀ ਟੱਕਰ ਕਾਰਨ ਔਰਤ ਦੀ ਮੌਤ ਹੋ ਗਈ ਤੇ 9 ਜ਼ਖ਼ਮੀ ਹੋ ਗਏ। 2 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਤਫਤੀਸ਼ੀ ਅਧਿਕਾਰੀ ਏਐੱਸਆਈ ਨਸੀਬ ਖ਼ਾਨ ਥਾਣਾ ਸਦਰ ਰੂਪਨਗਰ ਨੇ ਦੱਸਿਆ ਕਿ ਆਟੋ ਰਿਕਸ਼ਾ ਸਵਾਰੀਆਂ ਲੈ ਕੇ ਘਨੌਲੀ ਤੋਂ ਰੂਪਨਗਰ ਵੱਲ ਨੂੰ ਜਾ ਰਿਹਾ ਸੀ, ਜਦੋਂ ਆਟੋ ਚਾਲਕ ਨੇ ਪਿੰਡ ਖੁਆਸਪੁਰਾ ਦੇ ਬੱਸ ਸਟੈਂਡ ਤੋਂ ਸਵਾਰੀ ਚੁੱਕਣ ਲਈ ਰੁਕਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਉਸ ਨਾਲ ਟਕਰਾ ਗਈ। ਹਾਦਸੇ ਦੌਰਾਨ ਜ਼ਖ਼ਮੀ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਕੁਲਦੀਪ ਕੌਰ (58) ਪਤਨੀ ਪ੍ਰਕਾਸ਼ ਸਿੰਘ ਵਾਸੀ ਘਨੌਲੀ ਨੂੰ ਮ੍ਰਿਤਕ ਐਲਾਨ ਦਿੱਤਾ।
ਜ਼ਖਮੀਆਂ ਦੀ ਪਛਾਣ ਵਿਕਰਮ ਸਿੰਘ (26) ਪੁੱਤਰ ਦਿਲਬਾਗ ਸਿੰਘ ਵਾਸੀ ਹਿਸਾਰ, ਮਨਪ੍ਰੀਤ ਕੌਰ (37)ਪੁੱਤਰੀ ਵਿਜੇ ਕੁਮਾਰ ਵਾਸੀ ਨੇੜੇ ਡੀਏਵੀ ਸਕੂਲ ਰੂਪਨਗਰ, ਦਵਿੰਦਰ ਸਿੰਘ (62) ਪੁੱਤਰ ਅਜਮੇਰ ਸਿੰਘ ਵਾਸੀ ਰਤਨਪੁਰਾ, ਸੋਹਣ ਸਿੰਘ (45) ਪੁੱਤਰ ਲਛਮਣ ਸਿੰਘ ਵਾਸੀ ਹੁਸੈਨਪੁਰ, ਤਰਨਪ੍ਰੀਤ ਕੌਰ (12) ਪੁੱਤਰੀ ਤਲਵਿੰਦਰ ਸਿੰਘ, ਅਮਰਜੀਤ ਕੌਰ (32) ਪਤਨੀ ਤਲਵਿੰਦਰ ਸਿੰਘ ਵਾਸੀ ਕੋਟਲਾ ਨਿਹੰਗ, ਅਕਸ਼ਰਾ ਸੈਣੀ (11) ਪੁੱਤਰ ਮਨਪ੍ਰੀਤ ਸਿੰਘ ਵਾਸੀ ਪ੍ਰੀਤ ਕਲੋਨੀ ਰੂਪਨਗਰ, ਸਤਵਿੰਦਰ ਕੌਰ(45) ਪਤਨੀ ਅਮਰਜੀਤ ਸਿੰਘ, ਬਲਵਿੰਦਰ ਕੌਰ (45) ਪਤਨੀ ਪਰਮਜੀਤ ਸਿੰਘ ਵਾਸੀ ਘਨੌਲੀ ਤੇ ਅਨਮੋਲ(7) ਪੁੱਤਰ ਵਿਜੇ ਕੁਮਾਰ ਵਾਸੀ ਰੂਪਨਗਰ ਵੱਜੋਂ ਹੋਈ ਹੈ। ਇਨ੍ਹਾਂ ਵਿੱਚੋਂ ਵਿਕਰਮ ਤੇ ਅਕਸ਼ਰਾ ਸੈਣੀ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਇਸੇ ਦੌਰਾਨ ਐੱਸਡੀਐੱਮ ਮਨੀਸ਼ਾ ਰਾਣਾ ਨੇ ਸਰਕਾਰੀ ਹਸਪਤਾਲ ਰੂਪਨਗਰ ਪੁੱਜ ਕੇ ਜ਼ਖ਼ਮੀਆਂ ਦਾ ਹਾਲ ਪੁੱਛਿਆ ਤੇ ਸੀਨੀਅਰ ਮੈਡੀਕਲ ਅਫਸਰ ਡਾ. ਤਰਸੇਮ ਸਿੰਘ ਨੂੰ ਹਦਾਇਤ ਕੀਤੀ ਕਿ ਮਿਆਰੀ ਇਲਾਜ ਸਹੂਲਤਾਂ ਉਪਲੱਬਧ ਕਰਵਾਈਆਂ ਜਾਣ।