ਜਗਮੋਹਨ ਸਿੰਘ
ਘਨੌਲੀ, 6 ਜੂਨ
ਘੱਲੂਘਾਰਾ ਦਿਵਸ ਦੇ ਮੌਕੇ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਰੂਪਨਗਰ ਪੁਲੀਸ ਵੱਲੋਂ ਜਿਥੇ ਸ਼ਿਵ ਸੈਨਾ ਪੰਜਾਬ ਦੇ ਆਗੂ ਸੰਜੀਵ ਘਨੌਲੀ ਤੇ ਜ਼ਿਲ੍ਹਾ ਚੇਅਰਮੈਨ ਸਚਿਨ ਚੌਧਰੀ ਨੂੰ ਸਾਰਾ ਦਿਨ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਰੱਖਿਆ ਗਿਆ, ਉੱਥੇ ਹੀ ਪੁਲੀਸ ਵੱਲੋਂ ਘਨੌਲੀ ਪਿੰਡ ਦੇ ਚਾਰੇ ਪਾਸੇ ਬੈਰੀਕੇਡ ਲਗਾ ਕੇ ਸਮੁੱਚਾ ਪਿੰਡ ਸਾਰਾ ਦਿਨ ਸੀਲ ਰੱਖਿਆ ਗਿਆ। ਇਸੇ ਤਰ੍ਹਾਂ ਪਿੰਡ ਦਸਮੇਸ਼ ਨਗਰ ਘਨੌਲੀ ਦੇ ਵਸਨੀਕ ਸਚਿਨ ਚੌਧਰੀ ਦੇ ਘਰ ਜਾਂਦੀ ਗਲੀ ਨੂੰ ਵੀ ਪੁਲੀਸ ਨੇ ਸਾਰਾ ਦਿਨ ਆਵਾਜਾਈ ਲਈ ਪੂਰੀ ਤਰ੍ਹਾਂ ਰੋਕੀ ਰੱਖਿਆ।
ਜਾਣਕਾਰੀ ਅਨੁਸਾਰ ਸ਼ਿਵ ਸੈਨਾ ਵੱਲੋਂ ਅਪਰੇਸ਼ਨ ਬਲਿਊ ਸਟਾਰ ਦੌਰਾਨ ਮਾਰੇ ਗਏ ਪੁਲੀਸ ਅਤੇ ਫੌਜ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਪਰ ਪੁਲੀਸ ਨੇ ਅਮਨ ਕਾਨੂੰਨ ਭੰਗ ਹੋਣ ਤੋਂ ਰੋਕਣ ਲਈ ਸ਼ਿਵ ਸੈਨਾ ਆਗੂਆਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਅਤੇ ਨਾ ਹੀ ਉਨ੍ਹਾਂ ਨੂੰ ਆਪਸ ਵਿੱਚ ਇਕੱਠੇ ਹੋਣ ਦਿੱਤਾ। ਇਸ ਵਾਰ ਪੁਲੀਸ ਵੱਲੋਂ ਇੰਨੀ ਸਖਤੀ ਕੀਤੀ ਗਈ ਕਿ ਸ਼ਿਵ ਸੈਨਾ ਆਗੂਆਂ ਨੂੰ ਮੀਡੀਆ ਨਾਲ ਵੀ ਮੁਲਾਕਾਤ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਅੱਜ ਹਫਤਾਵਾਰੀ ਲੌਕਡਾਊਨ ਕਾਰਨ ਸਿਰਫ ਮੈਡੀਕਲ ਸਟੋਰ ਹੀ ਖੁਲ੍ਹੇ ਸਨ, ਪਰ ਪੁਲੀਸ ਦੀ ਘੇਰਾਬੰਦੀ ਕਾਰਨ ਮੈਡੀਕਲ ਸਟੋਰਾਂ ਤੋਂ ਦਵਾਈ ਲੈਣ ਆਏ ਮਰੀਜ਼ਾਂ ਨੂੰ ਬੇਰੰਗ ਪਰਤਣਾ ਪਿਆ।