ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 18 ਅਪਰੈਲ
ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ ਦੇ ਵਿਦਿਆਰਥੀਆਂ ਨੇ ਪਹਿਲਕਦਮੀ ਕਰਦਿਆਂ ਕੰਧ-ਚਿੱਤਰਾਂ ਦੇ ਕਿਊਆਰ ਕੋਡ ਤਿਆਰ ਕਰ ਦਿੱਤੇ ਹਨ, ਜਿਸ ਨਾਲ ਕੰਧ ਚਿੱਤਰਾਂ ਨੂੰ ਤਿਆਰ ਕਰਨ ਵਾਲੇ ਆਰਕੀਟੈਕਟਾਂ ਤੇ ਹੋਰ ਜਾਣਕਾਰੀਆਂ ਨੂੰ ਇਕ ਕਲਿੱਕ ਨਾਲ ਹੀ ਹਾਸਲ ਕੀਤਾ ਜਾ ਸਕੇਗਾ। ਇਸ ਪਹਿਲਕਦਮੀ ਨਾਲ ਵਿਦਿਆਰਥੀਆਂ ਦੀ ਆਰਕੀਟੈਕਚਰ ਦੀ ਪੜ੍ਹਾਈ ਨੂੰ ਆਸਾਨ ਬਣਾ ਦਿੱਤਾ ਗਿਆ ਹੈ।
ਇਹ ਮਾਅਰਕਾ ਬੈਚਲਰਜ਼ ਆਫ ਆਰਕੀਟੈਕਟ ਦੇ ਪੰਜਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਮਾਰਿਆ ਹੈ। ਉਨ੍ਹਾਂ ਮਿਊਰਲਜ਼ ਆਫ ਗਰੇਟ ਆਰਕੀਟੈਕਟਸ ’ਤੇ ਥਰੈਟੀਕਲ ਅਸਾਈਨਮੈਂਟ ਕਰਨੀ ਹੁੰਦੀ ਹੈ ਜਿਸ ਵਿਚ ਉਹ ਵਿਸ਼ਵ ਦੇ ਮੋਹਰੀ ਆਰਕੀਟੈਕਟਾਂ ਦੇ ਵਿਚਾਰ, ਸਿਧਾਂਤ ਤੇ ਫਿਲਾਸਫੀ ਨੂੰ ਪੜ੍ਹਦੇ ਹਨ ਤੇ ਉਸ ਬਾਰੇ ਥਿਊਰੀ ਦੇ ਰੂਪ ਵਿਚ ਅਸਾਈਨਮੈਂਟ ਬਣਾਉਂਦੇ ਹਨ ਪਰ ਇਨ੍ਹਾਂ ਵਿਦਿਆਰਥੀਆਂ ਨੇ ਇਸ ਅਸਾਈਨਮੈਂਟ ਨੂੰ ਆਰਟਿਸਟਿਕ ਤੇ ਐਬਸਟਰੈਕਟ ਰੂਪ ਵਿਚ ਤਿਆਰ ਕਰ ਦਿੱਤਾ ਹੈ। ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਜੇ ਕੋਈ ਵੀ ਕੰਧ-ਚਿੱਤਰਾਂ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਕਾਲਜ ਵਿਚਲੇ ਕਿਊਆਰ ਕੋਡ ਨੂੰ ਸਕੈਨ ਕਰਨਾ ਪਵੇਗਾ ਤੇ ਉਸ ਕੰਧ ਚਿੱਤਰ ਨੂੰ ਤਿਆਰ ਕਰਨ ਵਾਲੇ ਤੇ ਉਸ ਦੀ ਸਮੱਗਰੀ ਤੇ ਹੋਰ ਵਿਸਥਾਰਤ ਜਾਣਕਾਰੀ ਨਾਲ ਦੀ ਨਾਲ ਹੀ ਮਿਲ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਵਿਜ਼ਟਿੰਗ ਪ੍ਰੋਫੈਸਰ ਵਿਜੈ ਕਰਨ ਸਿੰਘ ਦੀ ਅਗਵਾਈ ਹੇਠ ਸਾਲ 2019-2024 ਦੇ ਬੈਚ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਹੈ।