ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 16 ਸਤੰਬਰ
ਪਿੰਡ ਬਲੌਂਗੀ ਦੀ 10 ਏਕੜ ਤੋਂ ਵੱਧ ਸ਼ਾਮਲਾਤ ਜ਼ਮੀਨ ਨੂੰ ਲੀਜ਼ ’ਤੇ ਲੈ ਕੇ ਗਊਸ਼ਾਲਾ ਬਣਾਉਣ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਕਿ ਅੱਜ ਦੇਰ ਸ਼ਾਮ ਇਸ ਕੇਸ ਦੇ ਪਟੀਸ਼ਨਰ ਤੇ ਗਊਸ਼ਾਲਾ ਦੇ ਮਜ਼ਦੂਰਾਂ ’ਚ ਝਗੜਾ ਹੋਣ ਦੇ ਮਾਮਲੇ ’ਤੇ ਸਿਆਸਤ ਭਖ ਗਈ ਹੈ। ਬਲੌਂਗੀ ਦੇ ਸਾਬਕਾ ਪੰਚ ਕੇਸਰ ਸਿੰਘ (ਜਿਸ ਨੇ ਗਊਸ਼ਾਲਾ ਨੂੰ ਸ਼ਾਮਲਾਤ ਜ਼ਮੀਨ ਲੀਜ਼ ’ਤੇ ਦੇਣ ਵਿਰੁੱਧ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੋਈ ਹੈ) ਤੇ ਪੰਚ ਜਰਨੈਲ ਸਿੰਘ ਨੂੰ ਬਲੌਂਗੀ ਪੁਲੀਸ ਨੇ ਸ਼ਰਾਬੀ ਹਾਲਤ ’ਚ ਹਿਰਾਸਤ ’ਚ ਲਿਆ ਹੈ। ਇਸ ਸਬੰਧੀ ਗਊਸ਼ਾਲਾ ਦੇ ਪ੍ਰਬੰਧਕਾਂ ਤੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਸ਼ਰਾਬ ਦੇ ਨਸ਼ੇ ’ਚ ਗਊਸ਼ਾਲਾ ’ਚ ਦਾਖ਼ਲ ਹੋ ਕੇ ਕਰਮਚਾਰੀਆਂ ਦੀ ਕੁੱਟਮਾਰ ਕੀਤੀ।
ਉਧਰ, ਦੂਜੇ ਪਾਸੇ ਕੇਸਰ ਸਿੰਘ ਪੁੱਤਰ ਸੁੱਖੀ ਬਲੌਂਗੀ ਨੇ ਕਿਹਾ ਕਿ ਅੱਜ ਸ਼ਾਮ ਨੂੰ ਉਸ ਦਾ ਪਿਤਾ ਤੇ ਪੰਚ ਜਰਨੈਲ ਸਿੰਘ ਮੁਹਾਲੀ ਅਦਾਲਤ ’ਚੋਂ ਵਾਪਸ ਪਿੰਡ ਬਲੌਂਗੀ ਆ ਰਹੇ ਸੀ ਕਿ ਰਸਤੇ ’ਚ ਸ਼ਮਸ਼ਾਨਘਾਟ ਕੋਲ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਮੇਅਰ ਜੀਤੀ ਸਿੱਧੂ ਦੇ ਬੰਦਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਗਊਸ਼ਾਲਾ ’ਚ ਲੈ ਗਏ। ਜਿੱਥੇ ਉਨ੍ਹਾਂ ਨੇ ਉਸ ਦੇ ਪਿਤਾ ਦੇ ਮੂੰਹ ’ਚ ਜ਼ਬਰਦਸਤੀ ਸ਼ਰਾਬ ਪਾਈ ਜਦੋਂਕਿ ਜਰਨੈਲ ਸਿੰਘ ਨੂੰ ਧੋਖੇ ਨਾਲ ਕੋਲਡਡਰਿੰਕ ’ਚ ਸ਼ਰਾਬ ਮਿਲਾ ਕੇ ਪਿਲਾਈ ਤੇ ਬਾਅਦ ’ਚ ਪੁਲੀਸ ਨੂੰ ਬੁਲਾ ਲਿਆ। ਸੁੱਖੇ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਕਸੂਰ ਸਿਰਫ਼ ਏਨਾ ਹੈ ਕਿ ਉਨ੍ਹਾਂ ਨੇ ਸਿੱਧੂ ਭਰਾਵਾਂ ਖ਼ਿਲਾਫ਼ ਹਾਈ ਕੋਰਟ ’ਚ ਕੇਸ ਪਾਇਆ ਹੈ। ਹਾਈ ਕੋਰਟ ਵੱਲੋਂ ਪੰਜਾਬ ਸਰਕਾਰ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੇਅਰ ਜੀਤੀ ਸਿੱਧੂ ਸਮੇਤ ਗਰਾਮ ਪੰਚਾਇਤ ਬਲੌਂਗੀ ਤੇ ਗਊਸ਼ਾਲਾ ਦੇ ਟਰੱਸਟੀਆਂ ਨੂੰ ਨੋਟਿਸ ਜਾਰੀ ਕਰਕੇ 25 ਨਵੰਬਰ ਤੱਕ ਜਵਾਬ ਦੇਣ ਲਈ ਕਿਹਾ ਹੈ।
ਮੇਅਰ ਜੀਤੀ ਸਿੱਧੂ ਨੇ ਧੱਕੇ ਨਾਲ ਸ਼ਰਾਬ ਪਿਲਾਉਣ ਦੇ ਦੋਸ਼ਾਂ ਨੂੰ ਨਕਾਰਿਆ
ਮੇਅਰ ਜੀਤੀ ਸਿੱਧੂ ਨੇ ਧੱਕੇ ਨਾਲ ਸ਼ਰਾਬ ਪਿਲਾਉਣ ਤੇ ਉਨ੍ਹਾਂ ਨੂੰ ਗਊਸ਼ਾਲਾ ’ਚ ਫੜ ਕੇ ਲਿਜਾਉਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਕੇਸਰ ਸਿੰਘ ਤੇ ਜਰਨੈਲ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ। ਇਹ ਦੋਵੇਂ ਆਪਣੀ ਕਾਰ ’ਚ ਗਊਸ਼ਾਲਾ ਆਏ ਤੇ ਉੱਥੇ ਕਰਮਚਾਰੀਆਂ ਨੂੰ ਕੰਮ ਬੰਦ ਕਰਨ ਲਈ ਕਿਹਾ। ਨਸ਼ੇ ਵਿੱਚ ਇਨ੍ਹਾਂ ਦੋਵਾਂ ਨੇ ਗਊਸ਼ਾਲਾ ਦੇ ਕਰਮਚਾਰੀਆਂ ਦੀ ਕੁੱਟਮਾਰ ਕੀਤੀ ਤੇ ਗਊਆਂ ਦੇ ਰੱਸੇ ਖੋਲ੍ਹਣ ਦਾ ਯਤਨ ਕੀਤਾ। ਜਿਸ ਕਾਰਨ ਗਊਆਂ ਦੀ ਦੇਖਭਾਲ ਕਰਦੇ ਕਾਮਿਆਂ ਨੇ ਪੁਲੀਸ ਨੂੰ ਇਤਲਾਹ ਦਿੱਤੀ।
ਪੁਲੀਸ ਮਾਮਲੇ ਦੀ ਕਰ ਰਹੀ ਹੈ ਜਾਂਚ: ਐੱਸਐੱਚਓ
ਬਲੌਂਗੀ ਥਾਣਾ ਦੇ ਐੱਸਐੱਚਓ ਰਾਜਪਾਲ ਸਿੰਘ ਗਿੱਲ ਨੇ ਕਿਹਾ ਕਿ ਕੇਸਰ ਸਿੰਘ ਤੇ ਇਕ ਹੋਰ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ। ਉਨ੍ਹਾਂ ਦੱਸਿਆ ਕਿ ਕੇਸਰ ਸਿੰਘ ਤੇ ਉਸ ਦੇ ਸਾਥੀ ਦਾ ਮੈਡੀਕਲ ਕਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਉਧਰ, ਕੇਸਰ ਸਿੰਘ ਦੇ ਸਮਰਥਕ ਤੇ ਆਜ਼ਾਦ ਗਰੁੱਪ ਦੇ ਮੈਂਬਰ ਬਲੌਂਗੀ ਥਾਣੇ ਦੇ ਬਾਹਰ ਪਹੁੰਚ ਗਏ ਤੇ ਕੇਸਰ ਸਿੰਘ ਨੂੰ ਰਿਹਾਅ ਕਰਨ ਤੇ ਗਊਸ਼ਾਲਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।