ਦਰਸ਼ਨ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 9 ਨਵੰਬਰ
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਜ਼ਿਲ੍ਹਾ ਮੁਹਾਲੀ ਵੱਲੋਂ ਪੁੱਡਾ ਭਵਨ ਨੇੜੇ ਗੇਟ ਰੈਲੀ ਕੀਤੀ ਗਈ। ਜਿਸ ਵਿੱਚ ਮੁਹਾਲੀ ਸਮੇਤ ਡੇਰਾਬੱਸੀ ਅਤੇ ਖਰੜ ਦੇ ਪੈਨਸ਼ਨਰਾਂ ਨੇ ਵੀ ਸ਼ਮੂਲੀਅਤ ਕੀਤੀ। ਰੈਲੀ ਦੀ ਅਗਵਾਈ ਪੈਨਸ਼ਨਰਜ਼ ਮਹਾ ਸੰਘ ਦੇ ਜਨਰਲ ਸਕੱਤਰ ਰਣਬੀਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਮੁਹਾਲੀ ਦੇ ਜਨਰਲ ਸਕੱਤਰ ਡਾ. ਐਨ.ਕੇ. ਕਲਸੀ ਨੇ ਕੀਤੀ। ਐਸੋਸੀਏਸ਼ਨ ਦੇ ਵਿੱਤ ਸਕੱਤਰ ਜਗਤਾਰ ਸਿੰਘ ਬੈਨੀਪਾਲ ਨੇ ਵਿੱਤ ਮੰਤਰੀ ’ਤੇ ਦੋਸ਼ ਲਾਇਆ ਕਿ ਆਫ਼ੀਸਰਜ਼ ਸਬ-ਕਮੇਟੀ ਅਤੇ ਕੈਬਨਿਟ ਸਬ-ਕਮੇਟੀ ਨਾਲ ਵੱਖ-ਵੱਖ ਮੀਟਿੰਗਾਂ ਵਿੱਚ ਪੈਨਸ਼ਨਾਂ ਸੋਧੇ ਜਾਣ ਅਤੇ 15 ਫੀਸਦੀ ਵਾਧਾ ਕਰਨ ਸਮੇਤ ਤਨਖ਼ਾਹ-ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ ਸੀ, ਪਰ ਸਰਕਾਰ ਨੇ ਇਸ ਦੇ ਉਲਟ ਪੈਨਸ਼ਨਰਾਂ ਨਾਲ ਧੋਖਾ ਕੀਤਾ ਹੈ, ਜਿਸ ਕਾਰਨ ਉਨ੍ਹਾਂ ਵਿੱਚ ਭਾਰੀ ਰੋਸ ਹੈ। ਰੈਲੀ ਉਪਰੰਤ ਸਹਾਇਕ ਕਮਿਸ਼ਨਰ ਤਰਸੇਮ ਚੰਦ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਡਾ. ਐਨਕੇ ਕਲਸੀ ਅਤੇ ਕਰਤਾਰ ਸਿੰਘ ਪਾਲ ਨੇ ਕਿਹਾ ਕਿ ਪੈਨਸ਼ਨਰਾਂ ਵੱਲੋਂ ਸਰਕਾਰ ਦੀਆਂ ਵਧੀਕੀਆਂ ਖ਼ਿਲਾਫ਼ 17 ਨਵੰਬਰ ਨੂੰ ਸਥਾਨਕ ਵਾਈਪੀਐਸ ਚੌਕ ਦੇ ਨੇੜਲੇ ਪੁੱਡਾ ਗਰਾਊਂਡ ਵਿੱਚ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ।