ਪੱਤਰ ਪ੍ਰੇਰਕ
ਚੰਡੀਗੜ੍ਹ, 30 ਸਤੰਬਰ
ਸੀਟੀਯੂ ਵਰਕਰਜ਼ ਯੂਨੀਅਨ, ਸੀਟੀਯੂ ਕੰਡਕਟਰਜ਼ ਯੂਨੀਅਨ, ਸੀਟੀਯੂ ਐਂਪਲਾਈਜ਼ ਯੂਨੀਅਨ ਤੇ ਸੀਟੀਯੂ ਐੱਸੀ/ਬੀਸੀ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਡਿਪੂ ਨੰਬਰ-2 ਵਿੱਚ ਭਰਵੀਂ ਗੇਟ ਰੈਲੀ ਕੀਤੀ ਗਈ। ਰੈਲੀ ਵਿੱਚ ਸ਼ਾਮਿਲ ਯੂਨੀਅਨ ਆਗੂਆਂ ਵੱਲੋਂ ਪ੍ਰਸ਼ਾਸਨ ਅਤੇ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਸੀਟੀਯੂ ਅਦਾਰੇ ਨੂੰ ਖੋਰਾ ਲਾਉਣ ਵਾਲੀਆਂ ਨੀਤੀਆਂ ਦੀ ਨਿੰਦਾ ਕੀਤੀ। ਗੇਟ ਰੈਲੀ ਵਿੱਚ ਵਰਕਰਾਂ ਨੇ ਮਤਾ ਪਾਸ ਕਰ ਕੇ ਯੂਟੀ ਪ੍ਰਸ਼ਾਸਨ ਤੇ ਸੀਟੀਯੂ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਵਰਕਰਾਂ ਨੂੰ ਜਲਦੀ ਤੋਂ ਜਲਦੀ ਡੀਪੀਸੀ ਕਰ ਕੇ ਪਦਉੱਨਤ ਕੀਤਾ ਜਾਵੇ, ਡਰਾਈਵਰਾਂ ਨੂੰ ਸੜਕ ਹਾਦਸਿਆਂ ਵਿੱਚ ਅਦਾਲਤਾਂ ਤੋਂ ਬਰੀ ਹੋਣ ਮਗਰੋਂ ਕਲੇਮ ਪਾਉਣੇ ਬੰਦ ਕੀਤੇ ਜਾਣ, ਸੀਟੀਯੂ ਵਿੱਚ 417 ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ, ਖਾਲੀ ਪੋਸਟਾਂ ਭਰੀਆਂ ਜਾਣ, ਜੈੱਮ ਪ੍ਰਣਾਲੀ ਨੂੰ ਖਤਮ ਕੀਤਾ ਜਾਵੇ, ਪਹਿਲੀ ਅਪਰੈਲ 2020 ਤੋਂ ਡੀਸੀ ਰੇਟ ਵਿੱਚ ਵਾਧਾ ਕੀਤਾ ਜਾਵੇ, ਪਿਛਲੇ ਸਮੇਂ ਵਿੱਚ ਭਰਤੀ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਕਨਫ਼ਰਮ ਕੀਤਾ ਜਾਵੇ, ਚੰਡੀਗੜ੍ਹ ਵਿੱਚ ਗੈਰਕਾਨੂੰਨੀ ਚੱਲ ਰਹੀਆਂ ਬੱਸਾਂ ’ਤੇ ਰੋਕ ਲਗਾਈ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਉਪਰੇਸ਼ਨਲ ਸਟਾਫ਼ ਨੂੰ ਵਰਦੀ ਦੇ ਪੈਸੇ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਕਾਮਿਆਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਮੈਨੇਜਮੈਂਟ ਖ਼ਿਲਾਫ਼ ਵੱਡਾ ਸੰਘਰਸ਼ ਕੀਤਾ ਜਾਵੇਗਾ।