ਮੁਕੇਸ਼ ਕੁਮਾਰ
ਚੰਡੀਗੜ੍ਹ, 29 ਜੂਨ
ਨਗਰ ਨਿਗਮ ਦੀ ਅੱਜ ਹੋਈ ਮਹੀਨਾਵਾਰ ਮੀਟਿੰਗ ਦੌਰਾਨ ਸ਼ਹਿਰ ਦੇ ਕੂੜੇ ਦੇ ਨਿਪਟਾਰੇ ਲਈ ਕੌਂਸਲਰਾਂ ਵਿੱਚ ਹੋਈ ਬਹਿਸ ਦੇ ਬਾਵਜੂਦ ਕੋਈ ਠੋਸ ਹੱਲ ਨਹੀਂ ਨਿਕਲਿਆ। ਸ਼ਹਿਰ ਵਾਸੀਆਂ ਖ਼ਾਸ ਕਰ ਕੇ ਡੱਡੂ ਮਾਜਰਾ ਵਾਸੀਆਂ ਨੂੰ ਕੂੜੇ ਦੀ ਸਮੱਸਿਆ ਤੋਂ ਫ਼ਿਲਹਾਲ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਹੰਗਾਮੇ ਨਾਲ ਸ਼ੁਰੂ ਹੋਈ ਮੀਟਿੰਗ ਦੌਰਾਨ ਸ਼ਹਿਰ ’ਚ ਕੂੜਾ ਪ੍ਰਾਸੈਸਿੰਗ ਪਲਾਂਟ ਨੂੰ ਲੈ ਕੇ ਨਿਗਮ ਅਧਿਕਾਰੀਆਂ ਅਤੇ ਕੌਂਸਲਰਾਂ ਵੱਲੋਂ ਦਿੱਲੀ ਅਤੇ ਅੰਬਾਲਾ ਦੇ ਕੀਤੇ ਦੌਰੇ ਦੀ ਰਿਪੋਰਟ ਨਿਗਮ ਹਾਊਸ ਵਿੱਚ ਰੱਖੀ ਗਈ। ਇਸ ’ਤੇ ਹੋਈ ਬਹਿਸ ਦੌਰਾਨ ਪਰ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਫ਼ਿਲਹਾਲ ਇਹ ਮਾਮਲਾ ਲਟਕ ਗਿਆ ਹੈ।
ਮੀਟਿੰਗ ਦੌਰਾਨ ਸਾਲਾਨਾ ‘ਗੁਲਦਾਉਦੀ ਸ਼ੋਅ’ ਬਾਰੇ ਵੀ ਚਰਚਾ ਹੋਈ। ਕੌਂਸਲਰ ਦਵੇਸ਼ ਮੋਦਗਿਲ ਨੇ ਇਸ ਸਾਲ ਇਹ ਸਮਾਗਮ ਕਰਵਾਇਆ ਜਾਵੇ। ਸਮੂਹ ਕੌਂਸਲਰਾਂ ਨੇ ਸ੍ਰੀ ਮੌਦਗਿਲ ਦੀ ਸਲਾਹ ਦਾ ਸਮਰਥਨ ਕੀਤਾ। ਨਿਗਮ ਕਮਿਸ਼ਨਰ ਨੇ ਬਾਗ਼ਬਾਨੀ ਵਿਭਾਗ ਨੂੰ ਸ਼ੋਅ ਦੀਆਂ ਤਿਆਰੀਆਂ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅੰਤਿਮ ਫ਼ੈਸਲਾ ਹਾਲਾਤ ਅਨੁਸਾਰ ਲਿਆ ਜਾਵੇਗਾ। ਮੀਟਿੰਗ ਦੌਰਾਨ ਨਿਗਮ ਹਾਊਸ ਨੇ ਮਨੀਮਾਜਰਾ ਵਿੱਚ ਲੱਗਣ ਵਾਲੇ ਹਫ਼ਤਾਬਾਰੀ ਕਾਰ ਬਾਜ਼ਾਰ ਦੇ ਡੀਲਰਾਂ ਨੂੰ ਕੋਵਿਡ ਨੂੰ ਮੁੱਖ ਰੱਖਦੇ ਹੋਏ ਵੱਡੀ ਰਾਹਤ ਦਿੱਤੀ ਹੈ। ਕੌਂਸਲਰ ਮੌਦਗਿਲ ਨੇ ਕਿਹਾ ਕਿ ਪੁਰਾਣੀਆਂ ਕਾਰਾਂ ਦਾ ਕਾਰੋਬਾਰ ਕਰਨ ਵਾਲੇ ਡੀਲਰ ਲਗਪਗ ਪਿਛਲੇ ਡੇਢ ਸਾਲ ਤੋਂ ਬੇਰੁਜ਼ਗਾਰ ਬੈਠੇ ਹਨ। ਸ੍ਰੀ ਮੌਦਗਿਲ ਨੇ ਕਿਹਾ ਕਿ ਕਾਰ ਬਾਜ਼ਾਰ ਦੀ ਫੀਸ ਅੱਧੀ ਕੀਤੀ ਜਾਵੇ। ਕੌਂਸਲਰ ਅਰੁਣ ਸੂਦ ਨੇ ਵੀ ਇਸ ਦਾ ਸਮਰਥਨ ਕੀਤਾ। ਨਿਗਮ ਹਾਊਸ ਨੇ ਡੀਲਰਾਂ ਨੂੰ ਸਤੰਬਰ ਤੱਕ ਰਾਹਤ ਦਿੰਦਿਆਂ ਹੋਏ ਫੀਸ 8260 ਰੁਪਏ ਤੋਂ ਘਟਾ ਕੇ 4100 ਰੁਪਏ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਨਿਗਮ ਦੇ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਲਈ 21 ਆਧੁਨਿਕ ਕਿਟਾਂ ਖ਼ਰੀਦਣ ਨੂੰ ਹਰੀ ਝੰਡੀ ਦਿੱਤੀ ਗਈ। ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਇਨ੍ਹਾਂ ਦੀ ਕੀਮਤ ’ਤੇ ਇਤਰਾਜ਼ ਕੀਤਾ।
ਨਿਗਮ ਹਾਊਸ ਵੱਲੋਂ ਪੁਰਾਣੀਆਂ ਕਾਰਾਂ ਦੇ ਡੀਲਰਾਂ ਨੂੰ ਦਿੱਤੀ ਰਾਹਤ ਦਾ ਚੰਡੀਗੜ੍ਹ ਕਾਰ ਡੀਲਰਜ਼ ਐਸੋਸੀਏਸ਼ਨ ਦੇ ਚੇਅਰਮੈਨ ਅਮਰੀਕ ਸਿੰਘ ਅਤੇ ਪ੍ਰਧਾਨ ਗੁਲਸ਼ਨ ਕੁਮਾਰ ਨੇ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਇਸ ਮੁਸ਼ਕਲ ਦੌਰ ਵਿੱਚ ਨਗਰ ਨਿਗਮ ਦੇ ਕਾਰ ਬਾਜ਼ਾਰ ਡੀਲਰਾਂ ਨੂੰ ਫੀਸ ਵਿੱਚ ਰਾਹਤ ਦੇ ਕੇ ਉਨ੍ਹਾਂ ਨੂੰ ਵਿੱਤੀ ਤੌਰ ’ਤੇ ਇੱਕ ਸਹਾਰਾ ਦਿੱਤਾ ਹੈ। ਨਿਗਮ ਦੇ ਇਸ ਫ਼ੈਸਲੇ ਨਾਲ ਕਾਰ ਬਾਜ਼ਾਰ ਨਾਲ ਜੁੜੇ ਹਜ਼ਾਰਾਂ ਪਰਿਵਾਰਾਂ ਲਈ ਰੁਜ਼ਗਾਰ ਚਲਾਉਣ ਵਿੱਚ ਸਹਾਇਤਾ ਮਿਲੇਗੀ।