ਮੁਕੇਸ਼ ਕੁਮਾਰ
ਚੰਡੀਗੜ੍ਹ, 11 ਜੁਲਾਈ
ਸ਼ਹਿਰ ਵਿੱਚ ਸਰੋਤ ਪੱਧਰ ਤੋਂ ਕੂੜਾ ਇਕੱਤਰ ਕਰਨ ਵਾਲੇ ਸਫ਼ਾਈ ਸੇਵਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤੋਂ ਹੜਤਾਲ ਸ਼ੁਰੂ ਕਰ ਦਿੱਤੀ। ਕੂੜਾ ਇਕੱਤਰ ਕਰਨ ਵਾਲਿਆਂ ਦੀ ਜਥੇਬੰਦੀ ਡੋਰ ਟੂ ਡੋਰ ਗਾਰਬੇਜ ਕੁਲੈਕਟਰਜ਼ ਸੁਸਾਇਟੀ ਵੱਲੋਂ ਮਿੱਥੀ ਗਈ ਹੜਤਾਲ ਦੌਰਾਨ ਸਫ਼ਾਈ ਸੇਵਕਾਂ ਨੇ ਸ਼ਹਿਰ ਦੇ ਸੈਕਟਰਾਂ ਵਿੱਚੋਂ ਕੂੜਾ ਨਹੀਂ ਚੁੱਕਿਆ। ਸੁਸਾਇਟੀ ਨੇ ਨਗਰ ਨਿਗਮ ’ਤੇ ਸ਼ਹਿਰ ਵਿੱਚ ਸਰੋਤ ਪੱਧਰ ਤੋਂ ਨਿਯਮਾਂ ਅਨੁਸਾਰ ਵੱਖੋ-ਵੱਖਰਾ ਕੂੜਾ ਇਕੱਤਰ ਕਰਨ ਲਈ ਲਾਗੂ ਕੀਤੀ ਗਈ ਯੋਜਨਾ ਅਨੁਸਾਰ ਸਫਾਈ ਸੇਵਕਾਂ ਨਾਲ ਕੀਤੇ ਗਏ ਸਮਝੌਤੇ ਅਨੁਸਾਰ ਸ਼ਰਤਾਂ ਪੂਰੀਆਂ ਨਾ ਕਰਨ ਦਾ ਦੋਸ਼ ਲਗਾਇਆ।
ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਓਮ ਪ੍ਰਕਾਸ਼ ਨੇ ਦੱਸਿਆ ਕਿ ਸ਼ਹਿਰ ਵਿੱਚ ਸਰੋਤ ਪੱਧਰ ਤੋਂ ਕੂੜਾ ਇਕੱਤਰ ਕਰਨ ਲਈ ਨਿਗਮ ਵੱਲੋਂ ਲਾਗੂ ਸ਼ਰਤਾਂ ਨੂੰ ਡੋਰ ਟੂ ਡੋਰ ਗਾਰਬੇਜ ਸੁਸਾਇਟੀ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ, ਪਰ ਨਗਰ ਨਿਗਮ ਆਪਣੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰ ਰਿਹਾ। ਅੱਜ ਐਲਾਨ ਮੁਤਾਬਕ ਉਨ੍ਹਾਂ ਨੂੰ ਮਜਬੂਰਨ ਹੜਤਾਲ ਕਰਨੀ ਪਈ।
ਅੱਜ ਸ਼ਹਿਰ ਵਿੱਚ ਕੂੜਾ ਇਕੱਤਰ ਕਰਨ ਵਾਲਿਆਂ ਦੀ ਹੜਤਾਲ ਨੂੰ ਲੈ ਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਸ਼ਾਮ ਨੂੰ ਡੋਰ ਟੂ ਡੋਰ ਗਾਰਬੇਜ ਗਾਰਬੇਜ ਕੁਲੈਕਟਰਜ਼ ਸੁਸਾਇਟੀ ਦੇ ਆਗੂਆਂ ਨਾਲ ਨਿਗਮ ਪ੍ਰਸ਼ਾਸਨ ਦੀ ਮੀਟਿੰਗ ਵਿੱਚ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਉਨ੍ਹਾਂ ਵੱਲੋਂ ਹੜਤਾਲ ਖਤਮ ਕਰ ਦਿੱਤੀ ਗਈ ਹੈ। ਭਲਕੇ ਮੰਗਲਵਾਰ ਨੂੰ ਸਾਰੇ ਮੁਲਾਜ਼ਮ ਕੰਮ ’ਤੇ ਆ ਜਾਣਗੇ।