ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਜੂਨ
ਚੰਡੀਗੜ੍ਹ ਵਿਚ ਬੱਚਿਆਂ ਦੀ ਅਸ਼ਲੀਲ ਸਮੱਗਰੀ ਹਾਸਲ ਕਰਨ ਵਾਲਾ ਗਰੋਹ ਸਰਗਰਮ ਹੋ ਗਿਆ ਹੈ। ਕਰੋਨਾ ਕਾਰਨ ਸਕੂਲਾਂ ’ਚ ਸਿਰਫ ਆਨਲਾਈਨ ਪੜ੍ਹਾਈ ਹੋ ਰਹੀ ਹੈ ਜਿਸ ਕਾਰਨ ਸਕੂਲਾਂ ’ਚ ਪੜ੍ਹਦੇ ਬੱਚੇ ਇਸ ਗਰੋਹ ਦੀ ਮਾਰ ਹੇਠ ਆ ਸਕਦੇ ਹਨ ਜਿਸ ਕਾਰਨ ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਨੇ ਯੂਟੀ ਦੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੂੰ ਅੱਜ ਪੱਤਰ ਲਿਖ ਕੇ ਵਿਦਿਆਰਥੀਆਂ ਨੂੰ ਸੁਚੇਤ ਕਰਵਾਉਣ ਦੀ ਪਹਿਲਕਦਮੀ ਕੀਤੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਅਜਿਹੇ ਵਰਤਾਰੇ ਦਾ ਸ਼ਿਕਾਰ ਹੋਣ ਤੋਂ ਰੋਕਿਆ ਜਾ ਸਕੇ। ਬਾਲ ਕਮਿਸ਼ਨ ਨੂੰ ਜਾਣਕਾਰੀ ਮਿਲੀ ਹੈ ਕਿ ਬੱਚਿਆਂ ਦੀ ਆਨਲਾਈਨ ਪੋਰਨੋਗਰਾਫੀ ਹਾਸਲ ਕਰਨ ਕਈ ਗਰੋਹ ਸਰਗਰਮ ਹਨ ਤੇ ਇਸ ਸਬੰਧੀ ਚੰਡੀਗੜ੍ਹ ਖੇਤਰ ਤੋਂ ਬੱਚਿਆਂ ਨੂੰ ਸ਼ਿਕਾਰ ਬਣਾਉਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਇੰਡੀਅਨ ਚਾਈਲਡ ਪ੍ਰਾਟੈਕਸ਼ਨ ਫੰਡ ਨੇ ਦਾਅਵਾ ਕੀਤਾ ਹੈ ਕਿ ਚੰਡੀਗੜ੍ਹ ’ਚ ਬੱਚਿਆਂ ਦੇ ਖਾਸ ਵਰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਮਿਸ਼ਨ ਨੂੰ ਰਿਪੋਰਟਾਂ ਮਿਲੀਆਂ ਹਨ ਕਿ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਨਸਰਾਂ ਨੇ ਹੁਣ ਆਨਲਾਈਨ ਸਮੱਗਰੀ ਹਾਸਲ ਕਰਨ ਵੱਲ ਰੁਖ਼ ਕਰ ਲਿਆ ਹੈ ਜਿਸ ਕਾਰਨ ਬੱਚਿਆਂ ਦੀ ਨਿੱਜਤਾ ਨੂੰ ਖਤਰਾ ਬਣ ਗਿਆ ਹੈ। ਇਸ ਤੋਂ ਇਲਾਵਾ ਟਰਾਈਸਿਟੀ ਦੇ ਕਈ ਸਕੂਲਾਂ ’ਚ ਆਨਲਾਈਨ ਪੜ੍ਹਾਈ ਦੌਰਾਨ ਵਿਦਿਆਰਥਣਾਂ ਦੀ ਨਿੱਜਤਾ ਭੰਗ ਹੋ ਰਹੀ ਹੈ। ਦੋ ਮਹੀਨੇ ਪਹਿਲਾਂ ਪੰਚਕੂਲਾ ’ਚ ਦੋ ਲੜਕਿਆਂ ਵੱਲੋਂ ਗਲਤ ਤਰੀਕੇ ਨਾਲ ਆਨਲਾਈਨ ਜਮਾਤ ਵਿੱਚ ਦਾਖਲ ਹੋ ਕੇ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਸਨ ਤੇ ਪਿਛਲੇ ਮਹੀਨੇ ਭਵਨ ਵਿਦਿਆਲਿਆ ਸਕੂਲ ’ਚ ਵੀ ਅਜਿਹੀ ਵੀ ਘਟਨਾ ਵਾਪਰ ਚੁੱਕੀ ਹੈ।
ਇਸ ਤੋਂ ਇਲਾਵਾ ਕਈ ਸਕੂਲਾਂ ਵਿਚ ਸ਼ਰਾਰਤੀ ਅਨਸਰ ਫੇਕ ਆਈਡੀਜ਼ ਬਣਾ ਕੇ ਜਮਾਤਾਂ ਲਾ ਰਹੇ ਹਨ ਤੇ ਜਮਾਤਾਂ ਦੌਰਾਨ ਗਾਲਾਂ ਕੱਢ ਕੇ ਤੇ ਅਪਮਾਨਜਨਕ ਸ਼ਬਦਾਵਲੀ ਲਿਖ ਕੇ ਵਿਘਨ ਪਾ ਰਹੇ ਹਨ। ਇਹੀ ਸਮੱਸਿਆ ਸਰਕਾਰੀ ਸਕੂਲਾਂ ਵਿਚ ਵੀ ਆ ਰਹੀ ਹੈ। ਦੂਜੇ ਪਾਸੇ ਅਧਿਆਪਕਾਂ ਨੇ ਆਨਲਾਈਨ ਪੜ੍ਹਾਈ ਦੇ ਸਿਸਟਮ ਨੂੰ ਦੋਸ਼ੀ ਠਹਿਰਾਇਆ ਹੈ। ਇਸ ਸਬੰਧੀ ਸ਼ਿਕਾਇਤਾਂ ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਕੋਲ ਵੀ ਪੁੱਜੀਆਂ ਹਨ।
ਸਕੂਲਾਂ ਦੇ ਅਧਿਆਪਕਾਂ ਨੂੰ ਦਿੱਤੀ ਜਾਵੇਗੀ ਸਿਖਲਾਈ: ਬਾਲ ਕਮਿਸ਼ਨ
ਚੰਡੀਗੜ੍ਹ ਦੇ ਬਾਲ ਕਮਿਸ਼ਨ ਦੀ ਚੇਅਰਪਰਸਨ ਹਰਜਿੰਦਰ ਕੌਰ ਨੇ ਦੱਸਿਆ ਕਿ ਬੱਚਿਆਂ ਦੀ ਅਸ਼ਲੀਲ ਸਮੱਗਰੀ ਪਰੋਸਣ ਦੀਆਂ ਰਿਪੋਰਟਾਂ ਤੋਂ ਬਾਅਦ ਸਕੂਲ ਮੁਖੀਆਂ ਦੀ ਸਿਖਲਾਈ ਕਰਵਾਈ ਜਾਵੇਗੀ ਤਾਂ ਕਿ ਉਹ ਅਧਿਆਪਕਾਂ ਜ਼ਰੀਏ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਦੌਰਾਨ ਦਰਪੇਸ਼ ਖਤਰਿਆਂ ਤੋਂ ਸੁਚੇਤ ਕਰ ਸਕਣ।