ਪੱਤਰ ਪ੍ਰੇਰਕ
ਲਾਲੜੂ, 22 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਖ਼ਜਾਨਚੀ ਤੇ ਹਲਕਾ ਵਿਧਾਇਕ ਐਨ.ਕੇ.ਸ਼ਰਮਾ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਲਾਲੜੂ, ਡੇਰਾਬਸੀ ਤੇ ਜ਼ੀਰਕਪੁਰ ਦੇ ਗੰਦੇ ਨਾਲਿਆ ਤੇ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ’ਚ ਵੜ ਗਿਆ ਤੇ ਲੋਕਾਂ ਦਾ ਕੀਮਤੀ ਸਾਮਾਨ ਖਰਾਬ ਹੋ ਗਿਆ। ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਲੀਆਂ ਤੇ ਸੜਕਾਂ ਨੇ ਨਦੀਆਂ ਤੇ ਨਹਿਰਾਂ ਦਾ ਰੂਪ ਧਾਰਨ ਕਰ ਲਿਆ ਪਰ ਕਾਂਗਰਸੀ ਆਗੂ ਨਗਰ ਕੌਂਸਲਾਂ ’ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਕਾਲੀ ਸਰਕਾਰ ਆਉਣ ’ਤੇ ਸਰਕਾਰੀ ਫੰਡਾਂ ਨੂੰ ਖੁਰਦ-ਬੁਰਦ ਕਰਨ ਵਾਲੇ ਆਗੂਆਂ ਕੋਲੋਂ ਹਿਸਾਬ ਲਿਆ ਜਾਵੇਗਾ। ਸ੍ਰੀ ਸ਼ਰਮਾ ਨੇ ਕਿਹਾ ਕਿ ਹਰ ਸਾਲ ਬਰਸਾਤ ਤੋਂ ਪਹਿਲਾ ਗੰਦੇ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੇ ਨਾਲੇ ਤੇ ਡਰੇਨਾਂ ਕੌਂਸਲਾਂ ਵੱਲੋਂ ਸਾਫ਼ ਕਰਵਾਏ ਜਾਂਦੇ ਸਨ ਤਾਂ ਜੋ ਬਰਸਾਤੀ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਹੋ ਜਾਵੇ ਪਰ ਇਸ ਵਾਰ ਲਾਲੜੂ, ਡੇਰਾਬਸੀ ਤੇ ਜ਼ੀਰਕਪੁਰ ਦੀਆਂ ਕੌਂਸਲਾਂ ਦੇ ਅਧਿਕਾਰੀਆ ਤੇ ਕਾਂਗਰਸੀ ਆਗੂਆ ਦੀ ਮਿਲੀ ਭੁਗਤ ਕਾਰਨ ਸਫ਼ਾਈ ਦਾ ਕੰਮ ਸਰਕਾਰੀ ਫਾਈਲਾਂ ਤੱਕ ਹੀ ਸੀਮਤ ਰਿਹਾ ਤੇ ਲੱਖਾਂ ਰੁਪਏ ਦੇ ਘੁਟਾਲੇ ਕੀਤੇ ਗਏ। ਸ੍ਰੀ ਸ਼ਰਮਾ ਨੇ ਲਾਲੜੂ ਕੌਂਸਲ ਦੇ ਵਾਰਡ 13 ਦਾ ਦੌਰਾ ਕੀਤਾ, ਜਿਥੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਲੀਆਂ ਨੇ ਨਹਿਰਾਂ ਦਾ ਰੂਪ ਧਾਰਨ ਕੀਤਾ ਹੋਇਆ ਸੀ।