ਪੱਤਰ ਪ੍ਰੇਰਕ
ਲਾਲੜੂ, 9 ਨਵੰਬਰ
ਵੱਖ ਵੱਖ ਕੇਸਾਂ ’ਚ ਭਗੌੜੇ ਮੁਲਜ਼ਮ ਨੂੰ ਲਾਲੜੂ ਪੁਲੀਸ ਨੇ 31 ਸਾਲਾਂ ਮਗਰੋਂ ਗ੍ਰਿਫ਼ਤਾਰ ਕੀਤਾ ਹੈ। ਉਹ ਹਰਿਆਣਾ ਰਾਜ ਵਿੱਚ ਲੁਕ-ਛਿਪ ਕੇ ਰਹਿ ਰਿਹਾ ਸੀ। ਜ਼ਿਲ੍ਹਾ ਪੁਲੀਸ ਮੁਖੀ ਨਵਜੋਤ ਸਿੰਘ ਮਾਹਿਲ ਨੇ ਬਿਆਨ ਰਾਹੀਂ ਦੱਸਿਆ ਕਿ ਪੁਲੀਸ ਨੇ ਸੋਮ ਨਾਥ ਵਾਸੀ ਸਿਤਾਰਪੁਰ, ਥਾਣਾ ਲਾਲੜੂ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ। ਉਸ ਖਿਲਾਫ਼ ਲਾਲੜੂ ਥਾਣੇ ਵਿੱਚ 5 ਨਵੰਬਰ 1987 ਨੂੰ ਧਾਰਾ 379 ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਅਦਾਲਤ ਨੇ ਉਸ ਨੂੰ 15 ਨਵੰਬਰ 1989 ਵਿੱਚ ਭਗੌੜਾ ਕਰਾਰ ਦਿੱਤਾ ਸੀ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।