ਕਰਮਜੀਤ ਸਿੰਘ ਚਿੱਲਾ
ਬਨੂੜ, 31 ਮਾਰਚ
ਰੋਜ਼ਾਨਾ ਤੇਲ ਕੀਮਤਾਂ ਦੇ ਵਾਧੇ ਦਾ ਭਾਰ ਸਹਿ ਰਹੇ ਵਾਹਨ ਚਾਲਕਾਂ ਨੂੰ ਹੁਣ ਟੌਲ ਪਲਾਜ਼ਿਆਂ ਉੱਤੋਂ ਲੰਘਣ ਸਮੇਂ ਵਾਧੂ ਟੌਲ ਟੈਕਸ ਦੇਣਾ ਪਵੇਗਾ। ਪਹਿਲੀ ਅਪਰੈਲ ਤੋਂ ਲਾਗੂ ਹੋ ਰਹੀਆਂ ਵਧੀਆਂ ਦਰਾਂ ਅਨੁਸਾਰ ਟੌਲ ਦਰਾਂ ਵਿੱਚ ਦਸ ਤੋਂ ਪੰਦਰਾਂ ਫ਼ੀਸਦੀ ਦਾ ਵਾਧਾ ਹੋ ਜਾਵੇਗਾ।
ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਅਜ਼ੀਜ਼ਪੁਰ ਵਿਖੇ ਪੈਂਦੇ ਟੌਲ ਪਲਾਜ਼ਾ ਦੀਆਂ ਦਰਾਂ ਵਿੱਚ ਵੀ ਵਾਧਾ ਹੋ ਜਾਵੇਗਾ। ਇੱਥੋਂ ਲੰਘਦੇ ਚਹੁ-ਪਹੀਆ ਵਾਹਨਾਂ ਨੂੰ ਪਹਿਲਾਂ ਆਉਣ/ਜਾਣ ਦੇ 55 ਰੁਪਏ ਦੇਣੇ ਪੈਂਦੇ ਸਨ, ਜਿਹੜੇ ਕਿ ਹੁਣ ਵੱਧ ਕੇ 60 ਰੁਪਏ ਹੋ ਗਏ ਹਨ। ਮਿਨੀ ਬੱਸ, ਕੈਂਟਰ ਦੇ 90 ਤੋਂ ਵਧਾ ਕੇ 100 ਰੁਪਏ, ਬੱਸ ਤੇ ਟਰੱਕ ਦੇ 190 ਰੁਪਏ ਤੋਂ ਵਧਾ ਕੇ 210 ਰੁਪਏ, ਕਮਰਸ਼ੀਅਲ ਵਾਹਨ ਦੇ 205 ਤੋਂ 225, ਭਾਰੀ ਵਾਹਨ ਦੇ 295 ਤੋਂ ਵਧਾ ਕੇ 325 ਰੁਪਏ ਅਤੇ ਵਾਧੂ ਭਾਰੀ ਵਾਹਨ ਦੇ 360 ਰੁਪਏ ਤੋਂ ਵਧਾ ਕੇ 395 ਰੁਪਏ ਕਰ ਦਿੱਤਾ ਗਿਆ ਹੈ। ਮਹੀਨਾਵਾਰ ਬਣਨ ਵਾਲੇ ਪਾਸ ਦੇ ਰੇਟ ਵੀ 285 ਤੋਂ ਵਧਾ ਕੇ 315 ਰੁਪਏ ਕਰ ਦਿੱਤੇ ਗਏ ਹਨ।
ਅਜ਼ੀਜਪੁਰ ਟੌਲ ਪਲਾਜ਼ਾ ਦੇ ਮੈਨੇਜਰ ਲੋਕੇਂਦਰ ਕੁਮਾਰ ਨੇ ਦੱਸਿਆ ਕਿ 31 ਮਾਰਚ ਦੀ ਅੱਧੀ ਰਾਤ ਤੋਂ ਵਧੀਆਂ ਹੋਈਆਂ ਦਰਾਂ ਲਾਗੂ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਵੇਂ ਜਾਣਕਾਰੀ ਬੋਰਡ ਲਗਵਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਜ਼ੀਜ਼ਪੁਰ ਟੌਲ ਪਲਾਜ਼ਾ ਸੌ ਫ਼ੀਸਦੀ ਫਾਸਟ ਟੈਗ ਹੈ ਤੇ ਬਿਨਾਂ ਫਾਸਟ ਟੈਗ ਤੋਂ ਲੰਘਣ ਵਾਲੇ ਵਾਹਨਾਂ ਨੂੰ ਦੁੱਗਣੀ ਰਾਸ਼ੀ ਦੇਣੀ ਪਵੇਗੀ।
ਕਿਸਾਨਾਂ ਵੱਲੋਂ ਸੰਘਰਸ਼ ਦੀ ਚਿਤਾਵਨੀ
ਕਿਸਾਨ ਆਗੂਆਂ ਗੁਰਦਰਸ਼ਨ ਸਿੰਘ ਖਾਸਪੁਰ, ਮੋਹਨ ਸਿੰਘ ਸੋਢੀ, ਸਰਪੰਚ ਸੱਤਪਾਲ ਸਿੰਘ ਰਾਜੋਮਾਜਰਾ, ਗੁਰਜੰਟ ਬੜੀ, ਤਰਲੋਚਨ ਸਿੰਘ ਨੰਡਿਆਲੀ, ਜਾਗੀਰ ਸਿੰਘ ਹੰਸਾਲਾ, ਕਿਰਪਾਲ ਸਿੰਘ ਸਿਆਊ, ਲੱਖੀ ਕਰਾਲਾ, ਜੱਗੀ ਕਰਾਲਾ, ਭੂਰਾ ਬੁੱਢਣਪੁਰ, ਸਤਨਾਮ ਸਿੰਘ ਸੱਤਾ ਖਲੌਰ ਨੇ ਟੌਲ ਪਲਾਜ਼ਿਆਂ ਦੀਆਂ ਵਧਾਈਆਂ ਦਰਾਂ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੈਸ਼ਨਲ ਹਾਈਵੇਅ ਅਥਾਰਿਟੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਵਧਾਈਆਂ ਦਰਾਂ ਵਾਪਸ ਨਾ ਲਈਆਂ ਤਾਂ ਕਿਸਾਨ ਸੰਘਰਸ਼ ਤੋਂ ਗੁਰੇਜ਼ ਨਹੀਂ ਕਰਨਗੇ।