ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਜਨਵਰੀ
ਇੱਥੋਂ ਦੇ ਸੈਕਟਰ-17 ਦੇ ਪਰੇਡ ਮੈਦਾਨ ਵਿੱਚ ਗਣਤੰਤਰ ਦਿਵਸ ਦੇ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਨੇ ਅਤੇ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਨੂੰ ਪੁਲੀਸ ਦੀਆਂ ਵੱਖ-ਵੱਖ ਟੁਕੜੀਆਂ ਨੇ ਮਾਰਚ ਪਾਸਟ ਕਰਕੇ ਸਲਾਮੀ ਦਿੱਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਝਾਕੀਆਂ ਕੱਢੀਆਂ ਗਈਆਂ ਹਨ। ਸਲਾਹਕਾਰ ਸ੍ਰੀ ਪਰੀਦਾ ਨੇ ਕਿਹਾ ਕਿ ਚੰਡੀਗੜ੍ਹ ਵਿਕਾਸ ਦੇ ਰਾਹ ’ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਪ੍ਰਸ਼ਾਸਕ ਦੇ ਸਲਾਹਕਾਰ ਨੇ ਸ਼ਹਿਰ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਕਰੋਨਾ ਕਾਰਨ ਸਕੂਲੀ ਵਿਦਿਆਰਥੀਆਂ ਨੂੰ ਸੱਦਿਆ ਨਹੀਂ ਗਿਆ। ਪਰੇਡ ਵਿੱਚ ਐਨਸੀਸੀ ਦੇ ਜਵਾਨ, ਫਾਇਰ ਬ੍ਰਿਗੇਡ, ਹੋਮਗਾਰਡ, ਸਿਵਲ ਡਿਫੈਂਸ, ਚੰਡੀਗੜ੍ਹ ਮਹਿਲਾ ਪੁਲੀਸ ਦੀਆਂ ਟੁਕੜੀਆਂ, ਮਰਦ ਪੁਲੀਸ ਦੀਆਂ ਟੁਕੜੀਆਂ, ਹਰਿਆਣਾ ਪੁਲੀਸ ਦੀਆਂ, ਪੰਜਾਬ ਪੁਲੀਸ ਦੀਆਂ, ਇਕ ਕੇਂਦਰੀ ਸੁਰੱਖਿਆ ਬੱਲ ਦੀ ਟੁਕੜੀ ਨੇ ਹਿੱਸਾ ਲਿਆ।
ਚੰਡੀਗੜ੍ਹ (ਪੱਤਰ ਪ੍ਰੇਰਕ): 72ਵੇਂ ਗਣਤੰਤਰਤਾ ਦਿਵਸ ਮੌਕੇ ਪੀਜੀਆਈ ਚੰਡੀਗੜ੍ਹ ਵਿੱਚ ਪ੍ਰੋਗਰਾਮ ਕਰਵਾਇਆ ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾਇਰੈਕਟਰ ਪ੍ਰੋ. ਜਗਤ ਰਾਮ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।
ਐੱਸਏਐਸ ਨਗਰ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਫੇਜ਼-6 ਸਥਿਤ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਵਿੱਚ ਗਣਤੰਤਰ ਦਿਵਸ ਸਬੰਧੀ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਤਿਰੰਗਾ ਝੰਡਾ ਲਹਿਰਾਇਆ। ਉਨ੍ਹਾਂ ਇਸ ਮੌਕੇ ਆਜ਼ਾਦੀ ਘੁਲਾਟੀਆਂ ਅਤੇ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਉਨ੍ਹਾਂ ਕਿਸਾਨ ਅੰਦੋਲਨ ਦੌਰਾਨ ਫੌਤ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਪਹਿਲਾਂ ਰਾਜਪਾਲ ਨੇ ਡੀਐੱਸਪੀ ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਵਾਲੀ ਪੰਜਾਬ ਪੁਲੀਸ (ਪੀਆਰਟੀਸੀ ਜਹਾਨਖੇਲਾਂ), ਯੂਟੀ ਪੁਲੀਸ, ਪੰਜਾਬ ਪੁਲੀਸ ਦੇ ਬ੍ਰਾਸ ਐਂਡ ਪਾਈਪ ਬੈਂਡ ਅਤੇ ਐਨਸੀਸੀ ਕੈਡਿਟਾਂ ਦੀ ਪਰੇਡ ਤੋਂ ਸਲਾਮੀ ਲਈ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਗਣਤੰਤਰ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਖੇਡ ਸਟੇਡੀਅਮ, ਸਰਹਿੰਦ ਵਿੱਚ ਕਰਵਾਇਆ ਗਿਆ, ਜਿਸ ਦੌਰਾਨ ਖ਼ੁਰਾਕ ਤੇ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਮਾਰਚ ਪਾਸਟ ਤੋਂ ਸਲਾਮੀ ਲਈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਦੇਸ਼ ਦੇ ਹਰ ਨਾਗਰਿਕ ਲਈ ਸਰਵਪੱਖੀ ਵਿਕਾਸ ਦੇ ਮੌਕੇ ਦੇਣ ਵਾਲਾ ਸੰਵਿਧਾਨ ਤਿਆਰ ਕੀਤਾ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਬਲਾਕ ਕਾਂਗਰਸ ਦਫ਼ਤਰ ਮੰਡੀ ਗੋਬਿੰਦਗੜ੍ਹ ਵਿੱਚ ਹੋਏ ਸਮਾਗਮ ਵਿਚ ਅਮਲੋਹ ਹਲਕੇ ਦੇ ਵਿਧਾਇਕ ਰਣਦੀਪ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਅਮਲੋਹ (ਪੱਤਰ ਪ੍ਰੇਰਕ): ਸਬ ਡਿਵੀਜ਼ਨ ਪੱਧਰ ਦੇ ਸਮਾਗਮ ਵਿਚ ਝੰਡਾ ਲਹਿਰਾਉਣ ਦੀ ਰਸਮ ਐੱਸਡੀਐੱਮ ਅਨੰਦ ਸਾਗਰ ਸ਼ਰਮਾ ਨੇ ਅਦਾ ਕੀਤੀ। ਬਲਾਕ ਕਾਂਗਰਸ ਦਫ਼ਤਰ ਅਮਲੋਹ ’ਚ ਜਗਵੀਰ ਸਲਾਣਾ ਨੇ ਝੰਡਡਾ ਲਹਿਰਾਇਆ।
ਮੋਰਿੰਡਾ (ਪੱਤਰ ਪ੍ਰੇਰਕ): ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਖਾਲਸਾ ਗਰਲਜ ਕਾਲਜ ਮੋਰਿੰਡਾ ਵਿੱਚ ਸਬ-ਡਿਵੀਜ਼ਨ ਪੱਧਰ ’ਤੇ ਗਣਤੰਤਰ ਦਿਵਸ ਮੌਕੇ ਐੱਸਡੀਐੱਮ ਜਸਬੀਰ ਸਿੰਘ ਨੇ ਝੰਡਾ ਲਹਿਰਾਇਆ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਗਣਤੰਤਰ ਦਿਵਸ ਮੌਕੇ ਸਬ ਡਿਵੀਜ਼ਨ ਪ੍ਰਬੰਧਕੀ ਕੰਪਲੈਕਸ ਵਿੱਚ ਐੱਸਡੀਐੱਮ ਅਰਵਿੰਦ ਕੁਮਾਰ ਵੱਲੋਂ ਰਾਸ਼ਟਰੀ ਝੰਡਾ ਲਹਿਾਉਣ ਦੀ ਰਸਮ ਅਦਾ ਕੀਤੀ ਗਈ।
ਬਸੀ ਪਠਾਣਾਂ (ਪੱਤਰ ਪ੍ਰੇਰਕ): ਸਿਵਲ ਪ੍ਰਸ਼ਾਸਨ ਵਲੋਂ ਗਣਤੰਤਰ ਦਿਵਸ ਸਮਾਗਮ ਅਨਾਜ ਮੰਡੀ ਵਿੱਚ ਮਨਾਇਆ ਗਿਆ। ਸਮਾਰੋਹ ’ਚ ਐੱਸਡੀਐਮ ਜਸਪ੍ਰੀਤ ਸਿੰਘ ਵਲੋਂ ਕੌਮੀ ਝੰਡਾ ਲਹਰਾਉਣ ਦੀ ਰਸਮ ਅਦਾ ਕੀਤੀ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਦੇ ਉੱਪ-ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਗਣਤੰਤਰ ਦਿਵਸ ਮੌਕੇ ਸ਼ਹਿਰ ਦੇ ਪੁਲੀਸ ਲਾਈਨ ਮੈਦਾਨ ਵਿਚ ਜ਼ਿਲ੍ਹਾ ਪੱਧਰੀ ਸਮਾਰੋਹ ਵਿਚ ਕੌਮੀ ਝੰਡਾ ਝੁਲਾਇਆ ਅਤੇ ਪਰੇਡ ਦੀ ਸਲਾਮੀ ਲਈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ਹੀਦ ਸਮਾਰਕ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸ੍ਰੀ ਚੌਟਾਲਾ ਨੇ ਇਨ੍ਹਾਂ ਵਿਦਿਆਰਥੀਆਂ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਬਨੂੜ (ਪੱਤਰ ਪ੍ਰੇਰਕ): ਨਗਰ ਕੌਂਸਲ ਦਫ਼ਤਰ ਵਿੱਚ ਹੋਏ ਮੁੱਖ ਸਮਾਗਮ ਵਿੱਚ ਝੰਡਾ ਲਹਿਰਾਏ ਜਾਣ ਦੀ ਰਸਮ ਕਾਰਜਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਨਿਭਾਈ। ਇਸੇ ਤਰਾਂ ਤੰਗੌਰੀ ਦੇ ਸ਼ਹੀਦ ਊਧਮ ਸਿੰਘ ਇੰਜਨੀਅਰਿੰਗ ਕਾਲਜ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ।
ਕੁਰਾਲੀ (ਪੱਤਰ ਪ੍ਰੇਰਕ): ਗਣਤੰਤਰਤਾ ਦਿਵਸ ਕੁਰਾਲੀ ਅਤੇ ਆਸਪਾਸ ਦੇ ਪਿੰਡਾਂ ਵਿਚ ਉਤਸ਼ਾਹ ਨਾਲ ਮਨਾਇਆ ਗਿਆ। ਮੁੱਖ ਸਮਾਗਮ ਸਥਾਨਕ ਨਗਰ ਕੌਂਸਲ ਦਫ਼ਤਰ ਵਿਚ ਹੋਇਆ। ਕਾਰਜਸਾਧਕ ਅਫ਼ਸਰ ਵੀਕੇ ਜੈਨ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪੁਲੀਸ ਦੀ ਟੁਕੜੀ ਪਾਸੋਂ ਸਲਾਮੀ ਲਈ।ਪਿੰਡ ਕਾਲੇਵਾਲ ਦੇ ਹੱਬਲ ਆਦਰਸ਼ ਸਕੂਲ ਤੇ ਬਰੁੱਕਫੀਡਲ ਇੰਟਰਨੈਸ਼ਨਲ ਸਕੂਲ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ।
ਖਰੜ (ਪੱਤਰ ਪ੍ਰੇਰਕ): ਸਬ-ਡਿਵੀਜ਼ਨ ਪੱਧਰ ਦਾ ਸਮਾਗਮ ਅਨਾਜ ਮੰਡੀ ਖਰੜ ਵਿੱਚ ਕਰਵਾਇਆ ਗਿਆ ਜਿਥੇ ਐੱਸਡੀਐੱਮ ਹਿਮਾਂਸ਼ੂ ਜੈਨ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਰੂਪਨਗਰ (ਪੱਤਰ ਪ੍ਰੇਰਕ): ਗਣਤੰਤਰ ਦਿਵਸ ਮੌਕੇ ਇੱਥੇ ਨਹਿਰੂ ਸਟੇਡੀਅਮ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਅਤੇ ਸ਼ਿਕਾਇਤ ਨਿਵਾਰਨ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਕੌਮੀ ਤਿਰੰਗਾ ਲਹਿਰਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਅਤੇ ਐੱਸਐੱਸਪੀ ਡਾ. ਅਖਿਲ ਚੌਧਰੀ ਹਾਜ਼ਰ ਸਨ। ਇਸ ਮੌਕੇ ਸਰਕਾਰੀ ਸਕੀਮਾਂ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਗਈਆਂ। ਮਗਰੋਂ ਸਮਾਜ ਦੇ ਲੋੜਵੰਦ ਵਿਅਕਤੀਆਂ ਨੂੰ ਬ੍ਰਹਮ ਮਹਿੰਦਰਾ ਵੱਲੋਂ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਉਪ ਮੰਡਲ ਪ੍ਰਸ਼ਾਸਨ ਵੱਲੋਂ ਇੱਥੇ ਅਨਾਜ ਮੰਡੀ ਵਿੱਚ ਗਣਤੰਤਰਤਾ ਦਿਵਸ ਮਨਾਇਆ ਗਿਆ। ਐੱਸਡੀਐੱਮ ਹਰਪ੍ਰੀਤ ਸਿੰਘ ਅਟਵਾਲ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ। ਇਸੇ ਤਰ੍ਹਾਂ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿੱਚ ਵੀ ਗਣਤੰਤਰਤਾ ਦਿਵਸ ਮਨਾਇਆ ਗਿਆ।
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਇੱਥੇ ਗਣਤੰਤਰ ਦਿਵਸ ਮੌਕੇ ਕਾਰਜਸਾਧਕ ਅਫ਼ਸਰ ਵੱਲੋਂ ਨਗਰ ਕੌਂਸਲ ਜ਼ੀਰਕਪੁਰ ਵਿੱਚ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਏਐਸਆਈ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਟੁਕੜੀ ਵੱਲੋਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਬੀਐੱਸ ਪੰਨੂ, ਜਗਤਾਰ ਸਿੰਘ ਸੋਢੀ ਅਤੇ ਸ਼ਹਿਰ ਵਾਸੀ ਹਾਜ਼ਰ ਸਨ ।ਕਾਰਜਸਾਧਕ ਅਫ਼ਸਰ ਸੰਦੀਪ ਤਿਵਾੜੀ ਵੱਲੋਂ ਹਾਜ਼ਰ ਮਹਿਮਾਨਾਂ ਨੂੰ ਵਧਾਈ ਦਿੱਤੀ ਗਈ। ਵਿਧਾਇਕ ਐੱਨਕੇ ਸ਼ਰਮਾ ਵੱਲੋਂ ਲੋਹਗੜ੍ਹ ਵਿੱਚਗਣਤੰਤਰਤਾ ਦਿਹਾੜਾ ਮਨਾਇਆ ਗਿਆ। ਢਕੋਲੀ ਸਥਿਤ ਗੋਲਡਨ ਸੈਂਡ ਸੁਸਾਇਟੀ ਵਿੱਚ ਸੰਜੀਵ ਖੰਨਾ ਦੀ ਅਗਵਾਈ ਵਿੱਚ ਗਣਤੰਤਰ ਦਿਹਾੜਾ ਮਨਾਇਆ ਗਿਆ।
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਗੋਬਿੰਦ ਵਿਹਾਰ (ਜ਼ੀਰਕਪੁਰ) ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਮ ਕੁਮਾਰ ਦੀ ਅਗਵਾਈ ਵਿੱਚ ਤਿਰੰਗਾ ਲਹਿਰਾ ਕੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਮਗਰੋਂ ਨਗਰ ਕੌਂਸਲ ਚੋਣਾਂ ’ਚ ਕਾਂਗਰਸ ਦੀ ਉਮੀਦਵਾਰ ਨੀਤੂ ਚੌਧਰੀ ਨੇ ਪੰਜਾਬ ਮਾਡਰਨ ਕੰਪਲੈਕਸ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ।
ਕਿਸਾਨਾਂ ਦੇ ਬੱਚਿਆਂ ਨੇ ਪੰਜਾਬ ਦੇ ਪਿੰਡਾਂ ਵਿੱਚ ਕੀਤੀ ਸਾਈਕਲ ਪਰੇਡ
ਘਨੌਲੀ (ਪੱਤਰ ਪ੍ਰੇਰਕ): ਗਣਤੰਤਰ ਦਿਵਸ ਮੌਕੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਘਨੌਲੀ ਖੇਤਰ ਵਿੱਚ ਸੰਸਦ ਆਦਰਸ਼ ਪਿੰਡ ਘਨੌਲੀ , ਪਿੰਡ ਲੌਦੀਮਾਜਰਾ, ਕੋਟਬਾਲਾ ਤੇ ਚੱਕ ਢੇਰਾ ਦੇ ਬੱਚਿਆਂ ਵੱਲੋਂ ਸਾਈਕਲ ਪਰੇਡ ਕੀਤੀ ਗਈ। ਪਿੰਡ ਚੱਕ ਢੇਰਾ ਦੇ ਬੱਚਿਆਂ ਨੇ ਤਾਂ ਨੇੜਲੇ ਪਿੰਡਾਂ ਗੁੰਨੋਮਾਜਰਾ, ਪਤਿਆਲਾਂ ਤੇ ਮਿਆਣੀ ਜਾ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉੱਧਰ ਦਸਮੇਸ਼ ਨਗਰ ਘਨੌਲੀ ਦੇ ਬੱਚਿਆਂ ਨੇ ਸਾਈਕਲ ਨਾ ਹੋਣ ਕਾਰਨ ਪੈਦਲ ਚੱਲ ਕੇ ਹੀ ਪੂਰੇ ਪਿੰਡ ਵਿੱਚ ਕਿਸਾਨੀ ਝੰਡੇ ਚੁੱਕ ਕੇ ਨਾਅਰੇਬਾਜ਼ੀ ਕਰਦਿਆਂ ਹੋਇਆਂ ਗੇੜਾ ਦਿੱਤਾ। ਬਿਨਾਂ ਕਿਸੇ ਵੱਡੇ ਵਿਅਕਤੀ ਦੀ ਅਗਵਾਈ ਦੇ ਛੋਟੇ ਬੱਚਿਆਂ ਵੱਲੋਂ ਪੂਰੇ ਜੋਸ਼ ਨਾਲ ਕੀਤੀ ਜਾ ਰਹੀ ਨਾਅਰੇਬਾਜ਼ੀ ਨੂੰ ਲੋਕਾਂ ਨੇ ਆਪੋ ਆਪਣੇ ਕੋਠਿਆਂ ਤੇ ਖੜ੍ਹ ਕੇ ਤੱਕਿਆ।
ਗਣਤੰਤਰ ਦਿਵਸ ਮੌਕੇ ਸੁਸਾਇਟੀ ਦੀ ਚੋਣ
ਖਰੜ: ਇੱਥੇ ਗਣਤੰਤਰ ਦਿਵਸ ਮੌਕੇ ਪਰਾਈਡ ਸਿਟੀ ਵਿੱਚ ਰੈਜੀਡੈਂਟਸ ਵੈਲਫੇਅਰ ਅਤੇ ਕਲਚਰਲ ਸੁਸਾਇਟੀ (ਪੀਸੀਆਰਡਬਲਿਊਸੀਐਸ) ਦੀ ਚੋਣ ਕੀਤੀ ਗਈ। ਇਸ ਮੌਕੇ ਬੱਚਿਆਂ ਨੇ ਗੀਤ ਗਾਏ ਤੇ ਤਿਰੰਗਾ ਝੰਡਾ ਲਹਿਰਾਇਆ। ਇਸ ਦੌਰਾਨ ਕਾਲੋਨੀ ਦੇ ਸਾਰੇ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਕੁਲਦੀਪ ਸ਼ਰਮਾ ਨੂੰ ਸੁਸਾਇਟੀ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸੁਸਾਇਟੀ ਦੇ ਛੇ ਹੋਰ ਮੈਂਬਰਾਂ ਦੀ ਚੋਣ ਹੋਈ।
-ਟ੍ਰਿਬਿਊਨ ਨਿਊਜ਼ ਸਰਵਿਸ