ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 21 ਜੂਨ
ਇੱਥੋਂ ਦੇ ਸਨਅਤੀ ਏਰੀਆ ਵਿੱਚ ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਮਜ਼ਦੂਰਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਵਾਲਾ ਸੁਰੱਖਿਆ ਗਾਰਡ ਨਿਰਮਲ ਸਿੰਘ ਹੁਣ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡ ਰਿਹਾ ਹੈ। ਹਾਲਾਂਕਿ ਆਰਥਿਕ ਪੱਖੋਂ ਉਸ ਦਾ ਹੱਥ ਕਾਫੀ ਤੰਗ ਹੈ ਪਰ ਇਸ ਦੇ ਬਾਵਜੂਦ ਉਹ ਪੂਰੀ ਲਗਨ ਨਾਲ ਸਮਾਜ ਸੇਵਾ ਦੀ ਜ਼ਿੰਮੇਵਾਰੀ ਨੂੰ ਨਿਭਾ ਰਿਹਾ ਹੈ। ਉਧਰ, ਕੈਨੇਡਾ ਰਹਿੰਦੇ ਪਰਵਾਸੀ ਪੰਜਾਬੀ ਸੁਰਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਜਨਵਰੀ ਦੇ ਅਖੀਰ ਵਿੱਚ ਉਸ ਨੇ ‘ਟ੍ਰਿਬਿਊਨ ਸਮੂਹ’ ਵਿੱਚ ਪ੍ਰਕਾਸ਼ਿਤ ਖ਼ਬਰ ਪੜ੍ਹੀ ਸੀ ਕਿ ਇਕ ਸੁਰੱਖਿਆ ਗਾਰਡ ਮਜ਼ਦੂਰਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾ ਰਿਹਾ ਹੈ, ਜਿਸ ਤੋਂ ਬਾਅਦ ਉਸ ਨੇ ਨਿਰਮਲ ਸਿੰਘ ਨੂੰ ਵਿੱਤੀ ਮਦਦ ਭੇਜਣੀ ਸ਼ੁਰੂ ਕੀਤੀ ਗਈ। ਸ੍ਰੀ ਆਹਲੂਵਾਲੀਆ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ, ਸੁਰੱਖਿਆ ਗਾਰਡ ਨੂੰ ਸਕੂਲ ਚਲਾਉਣ ਲਈ ਲੋੜੀਂਦੀ ਜ਼ਮੀਨ ਮੁਹੱਈਆ ਕਰਵਾ ਦੇਵੇ ਤਾਂ ਉਹ ਸਕੂਲ ਦੀ ਉਸਾਰੀ ਲਈ ਖ਼ੁਦ ਤਾਂ ਵਿੱਤੀ ਮਦਦ ਕਰਨਗੇ ਹੀ ਸਗੋਂ ਆਪਣੇ ਹੋਰਨਾਂ ਸਾਥੀਆਂ ਨੂੰ ਇਸ ਕੰਮ ਵਿੱਚ ਮਦਦ ਪ੍ਰਦਾਨ ਕਰਨ ਲਈ ਪ੍ਰੇਰਣਗੇ।