ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 20 ਮਈ
ਮਰਚੈਂਟ ਨੇਵੀ ਕੰਪਨੀ ਵਿੱਚ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਤਿੰਨ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਚੰਡੀਗੜ੍ਹ ਪੁਲੀਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੀੜਤ ਯੋਗੇਸ਼ ਚੌਧਰੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਨੂੰ ਨੌਕਰੀ ਦਿਵਾਉਣ ਲਈ ਨਾਸਿਕ ਵਿੱਚ ਰਹਿਣ ਵਾਲੇ ਆਪਣੇ ਰਿਸ਼ਤੇਦਾਰ ਨਾਲ ਸੰਪਰਕ ਕੀਤਾ ਸੀ। ਉਥੋਂ ਉਨ੍ਹਾਂ ਨੂੰ ਪੋਪਟ ਪਰਦੇਸੀ ਨਾਂ ਦੇ ਵਿਅਕਤੀ ਦਾ ਮੋਬਾਈਲ ਨੰਬਰ ਮਿਲਿਆ ਜੋ ਮਰਚੈਂਟ ਨੇਵੀ ਵਿੱਚ ਨੌਕਰੀਆਂ ਦਿਵਾਉਣ ਦਾ ਕੰਮ ਕਰਦਾ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਪੋਪਟ ਪਰਦੇਸੀ ਨਾਲ ਸੰਪਰਕ ਕੀਤਾ ਤਾਂ ਉਸ ਨੇ ਸਿੰਘਾਪੁਰ ਦੀ ਕੰਪਨੀ ਵਿੱਚ ਤਕਨੀਕੀ ਸਹਾਇਕ ਦੀ ਨੌਕਰੀ ਦਿਵਾਉਣ ਦੀ ਪੇਸ਼ਕਸ਼ ਕੀਤੀ ਅਤੇ ਤਿੰਨ ਲੱਖ ਰੁਪਏ ਮੰਗੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਤਿੰਨ ਲੱਖ ਰੁਪਏ ਬੈਂਕ ਰਾਹੀਂ ਪੋਪਟ ਪਰਦੇਸੀ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ। ਖਾਤੇ ਵਿੱਚ ਰੁਪਏ ਜਮ੍ਹਾਂ ਹੋਣ ਤੋਂ ਬਾਅਦ ਨਾ ਤਾਂ ਮੁਲਜ਼ਮ ਨੇ ਨੌਕਰੀ ਲਗਵਾਈ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਇਸ ਤੋਂ ਬਾਅਦ ਪਰਦੇਸੀ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਪੁਲੀਸ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਮੁਲਜ਼ਮ ਪੋਪਟ ਪਰਦੇਸੀ ਨੂੰ ਧਰੁੱਵ ਨਗਰ, ਨਾਸਿਕ ਤੋਂ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲੀਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਨੇ ਮਰਚੈਂਟ ਨੇਵੀ ਵਿਚ ਤਿੰਨ ਸਾਲ ਨੌਕਰੀ ਕੀਤੀ ਸੀ ਅਤੇ ਹੁਣ ਪ੍ਰਾਈਵੇਟ ਭਰਤੀ ਦਾ ਕਾਰੋਬਾਰ ਸ਼ੁਰੂ ਕੀਤਾ ਹੈ।