ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਸਤੰਬਰ
ਚੰਡੀਗੜ੍ਹ ਦੇ ਸੈਕਟਰ-42 ਵਿੱਚ ਸਥਿਤ ਇਮੀਗ੍ਰੇਸ਼ਨ ਸੈਂਟਰ ਵੱਲੋਂ ਲੁਧਿਆਣਾ ਦੇ ਨੌਜਵਾਨ ਨਾਲ ਵਿਦੇਸ਼ ਭੇਜਣ ਦੇ ਨਾਮ ’ਤੇ 19.29 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-36 ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਬਲਜੀਤ ਸਿੰਘ ਵਾਸੀ ਲੁਧਿਆਣਾ ਦੀ ਸ਼ਿਕਾਇਤ ’ਤੇ ਲਵੀਸ਼ ਮਹਾਜਨ, ਵਿਵੇਕ ਸੈਣੀ, ਗੋਰੀ ਮਹਿਰਾ ਤੇ ਇਮੀਗ੍ਰੇਸ਼ਨ ਸੇਂਟਰ ਦੀ ਡਾਇਰੈਕਟਰ ਵਿਰੁੱਧ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਮੁਲਜ਼ਮਾਂ ਨੇ ਉਸ ਨੂੰ ਸਟੱਡੀ ਵੀਜ਼ਾ ’ਤੇ ਕੈਨੇਡਾ ਭੇਜਣ ਲਈ 19.29 ਲੱਖ ਰੁਪਏ ਲੈ ਲਏ ਪਰ ਬਾਅਦ ਵਿੱਚ ਨਾ ਤਾਂ ਵਿਦੇਸ਼ ਭੇਜਿਆ ਤੇ ਨਾ ਹੀ ਉਸ ਦੇ ਰੁਪਏ ਵਾਪਸ ਕੀਤੇ। ਥਾਣਾ ਸੈਕਟਰ-36 ਦੀ ਪੁਲੀਸ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।