ਕੁਲਦੀਪ ਸਿੰਘ
ਚੰਡੀਗੜ੍ਹ, 17 ਮਾਰਚ
ਇਥੋਂ ਦੀ ਵਸਨੀਕ ਤੇ ਤਨਿਸ਼ਕ ਜਿਊਲਰਜ਼ ਦੀ ਮਾਲਕਣ ਰਾਸ਼ੀ ਦੇ ਸ਼ੋਅਰੂਮ ਵਿੱਚ ਤਾਇਨਾਤ ਖਜ਼ਾਨਚੀ ਵੱਲੋਂ ਆਪਣੀ ਮਾਲਕਣ ਦੇ ਬੇਟੇ ਦਾ ਜਾਅਲੀ ਬੈਂਕ ਖਾਤਾ ਖੁੱਲ੍ਹਵਾ ਕੇ ਕਰੋੜਾਂ ਰੁਪਏ ਦੀ ਕਥਿਤ ਤੌਰ ’ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸ਼ੋਅਰੂਮ ਮੁਹਾਲੀ ਦੇ ਫੇਜ਼ 3ਬੀ2 ਵਿੱਚ ਸਥਿਤ ਹੈ। ਮੁਹਾਲੀ ਪੁਲੀਸ ਨੇ ਮਾਲਕਣ ਰਾਸ਼ੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਆਈ.ਪੀ.ਸੀ. ਦੀ ਧਾਰਾ-408 ਤਹਿਤ ਕੇਸ ਦਰਜ ਕੀਤਾ ਹੈਇਸੇ ਦੌਰਾਨ ਖ਼ਜ਼ਾਨਚੀ ਜਸਵੀਰ ਸਿੰਘ ਧਾਲੀਵਾਲ ਵਾਸੀ ਸੈਕਟਰ-68 ਮੁਹਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਤੋਂ ਕੀਤੀ ਪੁੱਛਗਿੱਛ ਉਪਰੰਤ ਉਸ ਦੀ ਮਾਤਾ ਦਵਿੰਦਰ ਕੌਰ ਅਤੇ ਉਸ ਦੀ ਹਰਿਆਣਾ ਵਾਸੀ ਮਹਿਲਾ ਦੋਸਤ ਮਾਨਸੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਕੇਸ ਦੀ ਜਾਂਚ ਮੁਹਾਲੀ ਪੁਲੀਸ ਦੇ ਸਪੈਸ਼ਲ ਵਿੰਗ ਵੱਲੋਂ ਕੀਤੀ ਜਾ ਰਹੀ ਹੈ ਤੇ ਪੁਲੀਸ ਅਧਿਕਾਰੀ ਇਸ ਕੇਸ ਬਾਰੇ ਕੁਝ ਵੀ ਦੱਸਣ ਤੋਂ ਚੁੱਪੀ ਵੱਟੀ ਬੈਠੇ ਹਨ।
ਮੁਹਾਲੀ ਪੁਲੀਸ ਦੇ ਸਬੰਧਤ ਥਾਣੇ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਰਾਸ਼ੀ ਨੇ ਪੁਲੀਸ ਨੂੰ ਦੱਸਿਆ ਕਿ ਜਸਵੀਰ ਸਿੰਘ ਧਾਲੀਵਾਲ ਨਾਂ ਦਾ ਕਰਮਚਾਰੀ ਸ਼ੋਅਰੂਮ ਵਿੱਚ ਅਕਾਉਂਟੈਂਟ ਦੇ ਨਾਲ ਬੈਂਕ ਖਾਤਿਆਂ ਨੂੰ ਮੇਨਟੇਨ ਕਰਨ ਲਈ ਰੱਖਿਆ ਗਿਆ ਸੀ ਜਿਸ ਉੱਤੇ ਉਹ ਕਾਫ਼ੀ ਭਰੋਸਾ ਕਰਦੀ ਸੀ। ਰਾਸ਼ੀ ਨੇ ਖੁਲਾਸਾ ਕੀਤਾ ਕਿ ਉਸ ਦੇ ਪੁੱਤਰ ਅਤੇ ਪਤੀ ਦੇ ਖਾਤਿਆਂ ਵਿੱਚੋਂ ਇੰਸ਼ੋਰੈਂਸ, ਕਰੈਡਿਟ ਕਾਰਡ, ਹਾਊਸ ਲੋਨ, ਕਾਰ ਲੋਨ ਆਦਿ ਦੀਆਂ ਕਿਸ਼ਤਾਂ ਵਾਸਤੇ ਜਸਵੀਰ ਸਿੰਘ ਪੈਸਾ ਟਰਾਂਸਫ਼ਰ ਕਰਦਾ ਸੀ।
ਕਰੀਬ ਸਾਢੇ ਤਿੰਨ ਕਰੋੜ ਰੁਪਏ ਦੀ ਇਸ ਠੱਗੀ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਉਨ੍ਹਾਂ ਦਾ ਅਕਾਉਂਟੈਂਟ ਇਨਕਮ ਟੈਕਸ ਦੀ ਰਿਟਰਨ ਭਰਨ ਲੱਗਾ। ਅਕਾਉਂਟੈਂਟ ਦੇ ਦੱਸਣ ਤੋਂ ਪਤਾ ਲੱਗਾ ਕਿ ਸ਼ੋਅਰੂਮ ਦੀ ਮਾਲਕਣ ਦੇ ਬੇਟੇ ਦਾ ਇੱਕ ਹੋਰ ਬੈਂਕ ਅਕਾਊਂਟ ਵੀ ਹੈ। ਜਾਂਚ ਕਰਨ ਤੋਂ ਪਤਾ ਲੱਗਾ ਕਿ ਜਸਵੀਰ ਸਿੰਘ ਨੇ ਸਾਲ 2018 ਵਿੱਚ ਆਪਣਾ ਈਮੇਲ ਆਈ.ਡੀ. ਦੇ ਕੇ ਅਤੇ ਦੋ ਅਣਪਛਾਤੇ ਫੋਨ ਨੰਬਰ ਬੈਂਕ ਵਿੱਚ ਦੇ ਕੇ ਉਨ੍ਹਾਂ ਦੇ ਬੇਟੇ ਦੇ ਨਾਂ ਜਾਅਲੀ ਬੈਂਕ ਖਾਤਾ ਖੁੱਲ੍ਹਵਾ ਲਿਆ ਸੀ। ਫਿਰ ਉਨ੍ਹਾਂ ਦੇ ਦੂਸਰੇ ਖਾਤਿਆਂ ਵਿੱਚੋਂ ਆਪਣੇ ਉਸ ਜਾਅਲੀ ਬੈਂਕ ਖਾਤੇ ਵਿੱਚ ਪੈਸਾ ਟਰਾਂਸਫਰ ਕਰਨ ਲੱਗ ਪਿਆ ਅਤੇ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ ਉਸ ਨੇ 3.5 ਕਰੋੜ ਰੁਪਏ ਦੇ ਕਰੀਬ ਠੱਗੀ ਮਾਰ ਲਈ।
ਸ਼ੋਅਰੂਮ ਦੀ ਮਾਲਕਣ ਨੇ ਮੁਹਾਲੀ ਪੁਲੀਸ ਦੇ ਸਪੈਸ਼ਲ ਵਿੰਗ ਨੂੰ ਅਪੀਲ ਕੀਤੀ ਹੈ ਕਿ ਮੁਲਜ਼ਮ ਖਜ਼ਾਨਚੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਮਹਿਲਾ ਦੋਸਤ ਲਈ ਸੈਲੂਨ ਖੁੱਲ੍ਹਵਾਇਆ ਤੇ ਕੋਠੀ ਬਣਾਈ
ਪੁਲੀਸ ਵੱਲੋਂ ਜਸਵੀਰ ਸਿੰਘ ਤੋਂ ਕੀਤੀ ਪੁੱਛ-ਪੜਤਾਲ ਵਿੱਚ ਪਤਾ ਲੱਗਾ ਕਿ ਉਸ ਨੇ ਕਥਿਤ ਠੱਗੀ ਦੇ ਪੈਸੇ ਨਾਲ ਆਪਣੀ ਹਰਿਆਣਾ ਵਾਸੀ ਮਹਿਲਾ ਦੋਸਤ ਨੂੰ ਬਿਊਟੀ ਸੈਲੂਨ ਖੋਲ੍ਹ ਕੇ ਦਿੱਤਾ ਸੀ ਅਤੇ ਕੋਠੀ ਬਣਵਾ ਕੇ ਦਿੱਤੀ ਸੀ। ਉਸ ਨੇ ਖ਼ੁਦ ਤਿੰਨ ਲਗਜ਼ਰੀ ਕਾਰਾਂ ਅਤੇ ਸੋਨਾ ਖਰੀਦਿਆ। ਇੰਨਾਂ ਹੀ ਨਹੀਂ ਮੁਲਜ਼ਮ ਜਸਵੀਰ ਸਿੰਘ ਵਿਦੇਸ਼ ਘੁੰਮ ਕੇ ਆਇਆ ਅਤੇ ਆਪਣੀ ਮਾਤਾ ਨੂੰ ਵੀ ਵਿਦੇਸ਼ ਦੀ ਸੈਰ ਕਰਵਾਈ। ਪੁਲੀਸ ਨੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਤਫ਼ਤੀਸ਼ ਜਾਰੀ ਹੈ।