ਪੱਤਰ ਪ੍ਰੇਰਕ
ਚੰਡੀਗੜ੍ਹ, 5 ਅਪਰੈਲ
ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿੱਚ ਪੈਰਾ-ਮੈਡੀਕਲ ਸਟਾਫ਼ ਦੀ ਭਰਤੀ ਕਰਨ ਦੇ ਨਾਂ ਉੱਤੇ ਪ੍ਰਾਈਵੇਟ ਕੰਪਨੀ ਵੱਲੋਂ ਆਊਟਸੋਰਸਿੰਗ ਰਾਹੀਂ ਧੋਖਾਧੜੀ ਨਾਲ ਅਸਾਮੀਆਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਵੱਲੋਂ ਅਖ਼ਬਾਰਾਂ ਵਿੱਚ ਦਿੱਤੇ ਭਰਤੀ ਦੇ ਇਸ਼ਤਿਹਾਰ ਅਤੇ ਹੋਰ ਸਾਧਨਾਂ ਰਾਹੀਂ ਕੀਤੀ ਗਈ ਇਸ਼ਤਿਹਾਰਬਾਜ਼ੀ ਦਾ ਪਤਾ ਲੱਗਦਿਆਂ ਹੀ ਜੀ.ਐਮ.ਸੀ.ਐਚ. ਐਂਪਲਾਈਜ਼ ਐਂਡ ਵਰਕਰਜ਼ ਜੁਆਇੰਟ ਐਕਸ਼ਨ ਕਮੇਟੀ ਵੀ ਹਰਕਤ ਵਿੱਚ ਆ ਗਈ ਅਤੇ ਜੀ.ਐਮ.ਸੀ.ਐੱਚ.-32 ਪ੍ਰਸ਼ਾਸਨ ਨੇ ਵੀ ਇਸ ਨੂੰ ਗੰਭੀਰਤਾ ਨਾਲ ਲਿਆ ਹੈ।
ਅੱਜ ਇੱਥੇ ਜੀ.ਐਮ.ਸੀ.ਐਚ. ਐਂਪਲਾਈਜ਼ ਐਂਡ ਵਰਕਰਜ਼ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਬੀਰ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਇਸ ਹਸਪਤਾਲ ਵਿੱਚ ਨੌਕਰੀ ਦੇ ਨਾਂ ਉਤੇ ਚੰਡੀਗੜ੍ਹ ਅਤੇ ਆਸ ਪਾਸ ਦੇ ਇਲਾਕਿਆਂ ਦੇ ਬੇਰੁਜ਼ਗਾਰਾਂ ਨਾਲ ਕੰਪਨੀ ਵੱਲੋਂ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੈੱਮ ਪੋਰਟਲ ਤਹਿਤ ਟੈਂਡਰ ਰਾਹੀਂ ਚੁਣੀ ਗਈ ਇਸ ਪ੍ਰਾਈਵੇਟ ਏਜੰਸੀ ਵੱਲੋਂ ਗੈਰਕਾਨੂੰਨੀ ਢੰਗ ਨਾਲ ਇਸ਼ਤਿਹਾਰ ਦਿੱਤੇ ਗਏ ਹਨ ਜਦਕਿ ਸੰਸਥਾਨ ਦਾ ਨਾਂ ਵਰਤ ਕੇ ਅਜਿਹੇ ਇਸ਼ਤਿਹਾਰ ਦੇਣਾ ਕਾਨੂੰਨੀ ਤੌਰ ’ਤੇ ਜੁਰਮ ਹੈ।
ਉਨ੍ਹਾਂ ਕਿਹਾ ਕਿ ਇਸ ਇਸ਼ਤਿਹਾਰ ਨਾਲ ਚੰਡੀਗੜ੍ਹ ਅਤੇ ਆਸ ਪਾਸ ਦੇ ਇਲਾਕਿਆਂ ਦੇ ਬੇਰੁਜ਼ਗਾਰ ਹਸਪਤਾਲ ਵਿੱਚ ਨੌਕਰੀ ਲੱਗਣ ਦੇ ਨਾਂ ਉਤੇ ਧੋਖੇ ਵਿੱਚ ਆ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰਾਈਵੇਟ ਏਜੰਸੀ ਦੀ ਲਿਖਤੀ ਸ਼ਿਕਾਇਤ ਡਾਇਰੈਕਟਰ ਪ੍ਰਿੰਸੀਪਲ ਅਤੇ ਐਸ.ਐਸ.ਪੀ. ਚੰਡੀਗੜ੍ਹ ਨੂੰ ਵੀ ਭੇਜੀ ਜਾਵੇਗੀ।
ਹਸਪਤਾਲ ਦਾ ਨਾਂ ਇਸਤੇਮਾਲ ਕਰਨ ਵਾਲੀ ਏਜੰਸੀ ਖਿਲਾਫ਼ ਹੋਵੇਗੀ ਕਾਰਵਾਈ
ਐਡੀਸ਼ਨਲ ਡਾਇਰੈਕਟਰ ਐਡਮਿਨ ਜਸਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਇਨ੍ਹਾਂ ਭਰਤੀਆਂ ਦਾ ਮਾਮਲਾ ਆਇਆ ਹੈ ਜਿਸ ਵਿੱਚ ਪ੍ਰਾਈਵੇਟ ਏਜੰਸੀ ਵੱਲੋਂ ਹਸਪਤਾਲ ਦਾ ਨਾਂ ਗਲਤ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਏਜੰਸੀ ਜੈੱਮ ਪੋਰਟਲ ਦੇ ਰਾਹੀਂ ਚੁਣੀ ਗਈ ਸੀ ਪ੍ਰੰਤੂ ਇਸ ਗਲਤ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਏਜੰਸੀ ਖਿਲਾਫ਼ ਪੁਲੀਸ ਕੇਸ ਦਰਜ ਕਰਵਾਇਆ ਜਾ ਰਿਹਾ ਹੈ ਅਤੇ ਜੀ.ਐਮ.ਸੀ.ਐਚ.-32 ਦੀ ਵੈਬਸਾਈਟ ਉੱਤੇ ਵੀ ਅਪਲੋਡ ਕੀਤਾ ਜਾ ਰਿਹਾ ਹੈ ਕਿ ਉਕਤ ਕੰਪਨੀ ਦੇ ਇਸ਼ਤਿਹਾਰ ਮੁਤਾਬਕ ਨੌਕਰੀ ਲਈ ਅਪਲਾਈ ਨਾ ਕੀਤਾ ਜਾਵੇ।