ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 11 ਜੁਲਾਈ
ਨਿਊ ਚੰਡੀਗੜ੍ਹ ਵਿੱਚ ਇੱਕ ਰੀਅਲ ਅਸਟੇਟ ਕੰਪਨੀ ਵੱਲੋਂ ਸਰਕਾਰ ਨੂੰ ਕਥਿਤ ਤੌਰ ’ਤੇ ਗੁਮਰਾਹ ਕਰ ਕੇ ਬਹੁਮੰਜ਼ਿਲੇ ਪ੍ਰਾਜੈਕਟ ਲਈ ਸੀਐੱਲਯੂ ਲੈਣ ਅਤੇ ਬੈਂਕ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਲੈਣ ਦੇ ਫਰਜ਼ੀਵਾੜੇ ਤਹਿਤ ਵਿਜੀਲੈਂਸ ਵਿਭਾਗ ਪੰਜਾਬ ਨੇ ਬਿਲਡਰਾਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਨਿਊ ਚੰਡੀਗੜ੍ਹ ਵਿੱਚ ਇੱਕ ਪਿੰਡ ਦੀ ਜ਼ਮੀਨ ’ਤੇ ਉੱਸਰੇ ਇੱਕ ਰੀਅਲ ਅਸਟੇਟ ਕੰਪਨੀ ਦੇ ਬਹੁਮੰਜ਼ਿਲੇ ਪ੍ਰਾਜੈਕਟ ਖਿਲਾਫ਼ ਸ਼ਿਕਾਇਤ ਦੇ ਆਧਾਰ ’ਤੇ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਸੀ, ਜਿਸ ਵਿੱਚ ਸਾਹਮਣੇ ਆਇਆ ਕਿ ਕੰਪਨੀ ਦੇ ਤਿੰਨ ਪ੍ਰਬੰਧਕਾਂ ਨੇ ਗ਼ਲਤ ਢੰਗ ਨਾਲ ਸੜਕ ਲਈ ਐਕੁਆਇਰ ਹੋਏ ਰਕਬੇ ’ਤੇ ਪ੍ਰਾਜਕੈਟ ਪਾਸ ਕਰਵਾ ਲਿਆ। ਧੋਖਾਧੜੀ ਦੇ ਇਸ ਕੇਸ ਵਿੱਚ ਕੰਪਨੀ ਪ੍ਰਬੰਧਕਾਂ ਸਮੇਤ ਤਤਕਾਲੀ ਮਾਲ ਪਟਵਾਰੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।