ਆਤਿਸ਼ ਗੁਪਤਾ
ਚੰਡੀਗੜ੍ਹ, 14 ਮਈ
ਭਾਰਤ ਵਿੱਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੇਨੇਨ ਨੇ ਅੱਜ ਚੰਡੀਗੜ੍ਹ ਫੇਰੀ ਦੌਰਾਨ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਗਿਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ੍ਰੀ ਪੁਰੋਹਿਤ ਨੇ ਕਿਹਾ ਕਿ ਚੰਡੀਗੜ੍ਹ ਅਤੇ ਫਰਾਂਸ ਦੇ ਅਮਿੱਟ ਸਬੰਧਾਂ ਨੂੰ ਨਹੀਂ ਭੁਲਾਇਆ ਜਾ ਸਕਦਾ ਹੈ। ਫਰਾਂਸ ਨੇ ਚੰਡੀਗੜ੍ਹ ਦੀ ਸਥਾਪਨਾ ਸਮੇਂ ਯੋਜਨਾਬੰਦੀ ਅਤੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਸੀ। ਉਨ੍ਹਾਂ ਕਿਹਾ ਕਿ ਫਰਾਂਸ ਦੇ ਆਰਕੀਟੈਕਟ ਲੀ ਕਾਰਬੂਜ਼ੀਏ ਨੇ ‘ਸਿਟੀ ਬਿਊਟੀਫੁੱਲ’ ਦਾ ਡਿਜ਼ਾਈਨ ਤਿਆਰ ਕੀਤਾ ਸੀ ਅਤੇ ਫਰਾਂਸ ਦੇਸ਼ ਦੇ ਸਲਾਹਕਾਰ ਹੁਣ ਸ਼ਹਿਰ ਨੂੰ ‘ਸਮਾਰਟ ਸਿਟੀ’ ਵਜੋਂ ਵਿਕਸਤ ਕਰਨ ਲਈ ਕੰਮ ਕਰ ਰਹੇ ਹਨ।
ਸ੍ਰੀ ਪੁਰੋਹਿਤ ਨੇ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਪਛਾਣ, ਬਹਾਲੀ ਅਤੇ ਕਾਨੂੰਨੀ ਸੁਰੱਖਿਆ ਦੇ ਨਾਲ-ਨਾਲ ਸ਼ਹਿਰ ਦੀ ਵਿਰਾਸਤ ਦੀ ਸੰਭਾਲ ਦੇ ਖੇਤਰ ਵਿੱਚ ਫਰਾਂਸ ਤੋਂ ਸਹਿਯੋਗ ਦੀ ਉਮੀਦ ਕੀਤੀ। ਯੂਟੀ ਦੇ ਪ੍ਰਸ਼ਾਸਕ ਨੇ ਜਲ ਸਪਲਾਈ ਪ੍ਰਾਜੈਕਟ ਵਿੱਚ ਫਰਾਂਸ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਪਾਣੀ ਦੀ ਮੰਗ ਅਤੇ ਸਪਲਾਈ ਦੇ ਅੰਤਰ ਨੂੰ ਪੂਰਾ ਕਰਨ ਲਈ ਫਰਾਂਸ ਦੀ ਸਰਕਾਰੀ ਵਿਕਾਸ ਏਜੰੰਸੀ ਦੀ ਵਿੱਤੀ ਸਹਾਇਤਾ ਨਾਲ ਸ਼ਹਿਰ ਵਿੱਚ ਜਲਦੀ ਹੀ 24 ਘੰਟੇ ਪਾਣੀ ਸਪਲਾਈ ਦਾ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ।
ਫਰਾਂਸੀਸੀ ਰਾਜਦੂਤ ਨੇ ਚੰਡੀਗੜ੍ਹ ਦੇ ਵਿਕਾਸ ਲਈ ਸ੍ਰੀ ਪੁਰੋਹਿਤ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਫਰਾਂਸੀਸੀ ਮਾਹਿਰ ਕੈਪੀਟਲ ਕੰਪਲੈਕਸ ਅਤੇ ਹੋਰ ਕੰਕਰੀਟ ਦੀਆਂ ਵਿਰਾਸਤੀ ਇਮਾਰਤਾਂ ਦੀ ਬਹਾਲੀ ਅਤੇ ਸੰਭਾਲ ਦੇ ਕੰਮਾਂ ਲਈ ਪਹਿਲ ਦੇ ਆਧਾਰ ’ਤੇ ਸਹਿਯੋਗ ਕਰਨਗੇ। ਉਨ੍ਹਾਂ ਨੇ ਫਰਾਂਸ ਵਿੱਚ ਭਾਰਤ ਦੇ ਵਿਦਿਆਰਥੀਆਂ ਲਈ ਵਧੇਰੇ ਵਿਦਿਅਕ ਸੰਸਥਾਵਾਂ ਨਾਲ ਸਾਂਝੇਦਾਰੀ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਤੋਂ ਤਕਰੀਬਨ 10 ਹਜ਼ਾਰ ਵਿਦਿਆਰਥੀ ਫਰਾਂਸ ਵਿੱਚ ਪੜ੍ਹ ਰਹੇ ਹਨ ਅਤੇ ਫਰਾਂਸ ਚੰਡੀਗੜ੍ਹ ਦੀ ਖੂਬਸੂਰਤੀ ਨੂੰ ਜਿਉਂਦਾ ਰੱਖਣ ਲਈ ਹਰ ਤਰ੍ਹਾਂ ਨਾਲ ਮਦਦ ਕਰੇਗਾ।
ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ, ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇਐੱਮ ਬਾਲਾਮੁਰੂਗਨ, ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ, ਵਿੱਤ ਸਕੱਤਰ ਡਾ. ਵਿਜੈ ਨਾਮਦੇਵ ਰਾਓ ਹਾਜ਼ਰ ਸਨ।
ਚੰਡੀਗੜ੍ਹ ਨੂੰ ਗਰੀਨ ਸਿਟੀ ਬਣਾਉਣ ਲਈ ਵਿਉਂਤਬੰਦੀ: ਫਰਾਂਸ ਦੇ ਰਾਜਦੂਤ ਇਮੈਨੁਅਲ ਲੇਨੇਨ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਆਰਕੀਟੈਕਚਰ ਦੇ ਖੇਤਰ ਵਿੱਚ ਗਿਆਨ ਸਾਂਝਾ ਕਰਨ ਲਈ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ ਪੈਰਿਸ ਪੈਟਰਨ ’ਤੇ ਸ਼ਹਿਰ ਵਿੱਚ ਆਵਾਜਾਈ ਪ੍ਰਬੰਧਨ ਲਈ ਵਿਚਾਰ ਸਾਂਝੇ ਕੀਤੇ। ਉਨ੍ਹਾਂ ਚੰਡੀਗੜ੍ਹ ਸਮਾਰਟ ਸਿਟੀ ਨੂੰ ਸਵੱਛ ਅਤੇ ਹੋਰ ਹਰਿਆਲੀ ਵਾਲਾ (ਗਰੀਨ ਸਿਟੀ) ਬਣਾਉਣ ਲਈ ਵਿਊਂਤਬੰਦੀ ਕੀਤੀ।