ਪੱਤਰ ਪ੍ਰੇਰਕ
ਬਨੂੜ, 28 ਅਪਰੈਲ
ਖੇਤੀਬਾੜੀ ਵਿਭਾਗ ਨੇ ਅੱਜ ਪਿੰਡ ਧਰਮਗੜ੍ਹ ਵਿੱਚ ਐੱਮਐੱਸ ਖੇਤੀ ਸੈਂਟਰ ਦਾ ਨਿਰੀਖ਼ਣ ਕਰਕੇ ਦੁਕਾਨ ਵਿੱਚ ਬਿਨਾਂ ਮਨਜ਼ੂਰੀ ਤੋਂ ਪਿਆ 3 ਕੁਇੰਟਲ 89 ਕਿਲੋ ਮੱਕੀ ਅਤੇ ਚਰ੍ਹੀ ਦਾ ਬੀਜ ਜ਼ਬਤ ਕਰ ਲਿਆ। ਵਿਭਾਗ ਨੇ ਦੁਕਾਨਦਾਰ ਖ਼ਿਲਾਫ਼ ਥਾਣਾ ਬਨੂੜ ਵਿੱਚ ਪਰਚਾ ਦਰਜ ਕਰਵਾ ਦਿੱਤਾ ਹੈ। ਮੁੱਖ ਖੇਤੀਬਾੜੀ ਅਫ਼ਸਰ ਰਾਜੇਸ਼ ਕੁਮਾਰ ਰਹੀਜਾ ਦੀ ਨਿਗਰਾਨੀ ਹੇਠ ਬਲਾਕ ਖੇਤੀਬਾੜੀ ਅਫ਼ਸਰ ਸੰਦੀਪ ਕੁਮਾਰ, ਏਡੀਓ ਜਸਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ’ਤੇ ਆਧਾਰਿਤ ਟੀਮ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸੂਰਜਮੁਖੀ ਦੇ ਬੀਜ ਸਬੰਧੀ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ ਜਿਸ ਸਬੰਧੀ ਸਖ਼ਤ ਕਾਰਵਾਈ ਜਾਰੀ ਹੈ। ਜਾਂਚ ਅਧਿਕਾਰੀ ਏਐੱਸਆਈ ਪਰਮਜੀਤ ਸਿੰਘ ਨੇ ਦੁਕਾਨਦਾਰ ਹਰਮਨਜੀਤ ਸਿੰਘ ਵਾਸੀ ਧਰਮਗੜ੍ਹ ਖ਼ਿਲਾਫ਼ ਪਰਚਾ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ।