ਪੱਤਰ ਪ੍ਰੇਰਕ
ਚੰਡੀਗੜ੍ਹ, 30 ਮਈ
ਸ਼ਹਿਰ ਵਿੱਚ ਸ਼ਨਿਚਰਵਾਰ ਦੇਰ ਸ਼ਾਮ ਆਏ ਤੂਫ਼ਾਨ ਉਪਰੰਤ ਸੈਕਟਰ 32 ਸਥਿਤ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ ਅਧੀਨ ਸੈਕਟਰ 48 ਸਥਿਤ ਉੱਤਰੀ ਕੈਂਪਸ ਵਿੱਚ ਵੈਂਟੀਲੇਟਰ ’ਤੇ ਚੱਲ ਰਹੇ ਚਾਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਉਸ ਸਮੇਂ ਕਾਫ਼ੀ ਸਥਿਤੀ ਖਰਾਬ ਹੋ ਗਈ ਜਦੋਂ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਏ ਕਿ ਇਨ੍ਹਾਂ ਮਰੀਜ਼ਾਂ ਦੀ ਮੌਤ ਹਸਪਤਾਲ ਅਥਾਰਿਟੀ ਦੀ ਲਾਪਰਵਾਹੀ ਨਾਲ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਤੂਫ਼ਾਨ ਆਉਣ ਨਾਲ ਬਿਜਲੀ ਸਪਲਾਈ ਬੰਦ ਹੋ ਗਈ ਜਿਸ ਕਾਰਨ ਆਈ.ਸੀ.ਯੂ. ਵਿੱਚ ਵੈਂਟੀਲੇਟਰਾਂ ’ਤੇ ਇਲਾਜ ਅਧੀਨ ਮਰੀਜ਼ਾਂ ਦੀ ਆਕਸੀਜਨ ਸਪਲਾਈ ਵੀ ਬੰਦ ਹੋ ਗਈ। ਆਕਸੀਜਨ ਰੁਕਣ ਨਾਲ ਮਰੀਜ਼ਾਂ ਦੀ ਮੌਤ ਹੋ ਗਈ। ਇਸ ਸਬੰਧੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਮੀਡੀਆ ਨੂੰ ਭੇਜੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਮ੍ਰਿਤਕ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਗਲਤ ਦੋਸ਼ ਲਾਏ ਜਾ ਰਹੇ ਹਨ ਕਿਉਂਕਿ ਬਿਜਲੀ ਸਪਲਾਈ ਬੰਦ ਹੋਣ ਨਾਲ ਆਈ.ਸੀ.ਯੂ. ਵਿੱਚ ਮਰੀਜ਼ਾਂ ਦੀ ਮੌਤ ਹੋਣ ਦਾ ਕੋਈ ਸਬੰਧ ਨਹੀਂ ਹੈ। ਬਿਜਲੀ ਸਪਲਾਈ ਬੰਦ ਹੁੰਦਿਆਂ ਸਾਰ ਹੀ ਜਨਰੇਟਰ ਆਟੋਮੈਟਿਕ ਚੱਲ ਜਾਂਦੇ ਹਨ ਅਤੇ ਵੈਂਟੀਲੇਟਰਾਂ ਦਾ ਖ਼ੁਦ ਦਾ ਵੀ ਅੱਧੇ ਘੰਟੇ ਦਾ ਬੈਕਅੱਪ ਹੁੰਦਾ ਹੈ। ਆਈ.ਸੀ.ਯੂ. ਵਾਰਡ ਦੀ ਦੇਖ-ਰੇਖ ਕਰ ਰਹੇ ਡਾ. ਸੰਜੀਵ ਪਲਟਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਰੀਜ਼ਾਂ ਦੀ ਮੌਤ ਉਨ੍ਹਾਂ ਦੀ ਪਹਿਲਾਂ ਤੋਂ ਹੀ ਹਾਲਤ ਗੰਭੀਰ ਹੋਣ ਕਾਰਨ ਹੋਈ ਹੈ ਅਤੇ ਪਰਿਵਾਰਕ ਮੈਂਬਰ ਵੀ ਜਾਣਦੇ ਹਨ ਕਿ ਉਨ੍ਹਾਂ ਦੇ ਮਰੀਜ਼ਾਂ ਦੀ ਹਾਲਤ ਕਾਫ਼ੀ ਗੰਭੀਰ ਸੀ। ਉਨ੍ਹਾਂ ਦੱਸਿਆ ਕਿ ਚਾਰਾਂ ਮਰੀਜ਼ਾਂ ਦੀ ਮੌਤ 30 ਮਈ ਦੀ ਰਾਤ ਨੂੰ ਵੱਖ-ਵੱਖ ਸਮਿਆਂ ’ਤੇ ਹੋਈ ਹੈ। ਇਸ ਲਈ ਮਰੀਜ਼ਾਂ ਦੀ ਮੌਤ ਵਿੱਚ ਹਸਪਤਾਲ ਪ੍ਰਬੰਧਨ ਜਾਂ ਸਟਾਫ਼ ਦੀ ਕੋਈ ਗਲਤੀ ਨਹੀਂ ਹੈ।