ਮੁੱਖ ਅੰਸ਼
- ਪੁਲੀਸ ਨੇ ਮਾਈਨਿੰਗ ਇੰਸਪੈਕਟਰ ਨੂੰ ਮੌਕੇ ’ਤੇ ਸੱਦਿਆ
- ਮਾਮਲੇ ਦੀ ਜਾਂਚ ਮਗਰੋਂ ਕਾਰਵਾਈ ਨੇਪਰੇ ਚਾੜ੍ਹੀ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 28 ਮਈ
ਸੋਹਾਣਾ ਪੁਲੀਸ ਨੇ ਨੇੜਲੇ ਪਿੰਡ ਸ਼ਾਮਪੁਰ ਦੀ ਸ਼ਾਮਲਾਤ ਜ਼ਮੀਨ ’ਚੋਂ ਮਿੱਟੀ ਚੋਰੀ ਕਰਨ ਸਬੰਧੀ ਸ਼ਿਕਾਇਤ ਮਿਲਣ ’ਤੇ ਕਾਂਗਰਸੀ ਮਹਿਲਾ ਸਰਪੰਚ ਚਰਨਜੀਤ ਕੌਰ, ਉਸ ਦੇ ਪਤੀ ਇੰਦਰਜੀਤ ਸਿੰਘ, ਦੇਵੀ ਦਿਆਲ ਅਤੇ ਗੁਰਜੰਟ ਸਿੰਘ ਵਾਸੀਅਨ ਪਿੰਡ ਸ਼ਾਮਪੁਰ ਨੂੰ ਮਾਈਨਜ ਅਤੇ ਮਿਨਰਲ (ਡਿਵੈਲਪਮੈਂਟ ਅਤੇ ਰੈਗੂਲੇਸ਼ਨ) ਐਕਟ ਤਹਿਤ ਨਾਮਜ਼ਦ ਕੀਤਾ ਹੈ। ਇਹ ਕਾਰਵਾਈ ਪਿੰਡ ਵਾਸੀ ਮੋਹਨ ਸਿੰਘ, ਕਰਮਜੀਤ ਗਿਰ, ਬਲਜੀਤ ਗਿਰ ਅਤੇ ਕਰਮਜੀਤ ਗਿਰ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਇਸ ਸਬੰਧੀ ਸਨੇਟਾ ਪੁਲੀਸ ਚੌਕੀ ਦੇ ਏਐੱਸਆਈ ਤਰਸੇਮ ਸਿੰਘ ਨੇ ਸੋਹਾਣਾ ਥਾਣੇ ਦੇ ਮੁੱਖ ਅਫ਼ਸਰ ਨੂੰ ਫੋਨ ’ਤੇ ਇਤਲਾਹ ਦਿੱਤੀ ਕਿ ਪਿੰਡ ਸ਼ਾਮਪੁਰ ਵਿੱਚ ਸ਼ਾਮਲਾਤ ਜ਼ਮੀਨ ’ਚੋਂ ਚੋਰੀ ਛਿਪੇ ਮਿੱਟੀ ਚੁੱਕਣ ਦੀ ਸ਼ਿਕਾਇਤ ਮਿਲੀ ਹੈ। ਸੂਚਨਾ ਮਿਲਦੇ ਹੀ ਥਾਣੇਦਾਰ ਤਰਸੇਮ ਸਿੰਘ ਮੌਕੇ ’ਤੇ ਪਹੁੰਚ ਗਏ ਤਾਂ ਉੱਥੇ ਮਿੱਟੀ ਦੀ ਢੇਰੀ ਤਾਂ ਪਈ ਸੀ ਪਰ ਮੌਕੇ ’ਤੇ ਕੋਈ ਜੇਸੀਬੀ ਮਸ਼ੀਨ ਜਾਂ ਟਰੈਕਟਰ-ਟਰਾਲੀ ਨਹੀਂ ਮਿਲੀ। ਨਾ ਹੀ ਇਸ ਜ਼ਮੀਨ ’ਚੋਂ ਮਿੱਟੀ ਪੁੱਟੀ ਹੋਈ ਸੀ। ਉਧਰ, ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਪੁਲੀਸ ਨੂੰ ਸ਼ਾਮਲਾਤ ਜ਼ਮੀਨ ’ਚੋਂ ਮਿੱਟੀ ਚੁੱਕਣ ਦੀ ਇਤਲਾਹ ਦਿੱਤੀ ਤਾਂ ਉਸ ਸਮੇਂ ਜੇਸੀਬੀ ਮਸ਼ੀਨ ਅਤੇ ਟਰੈਕਟਰ-ਟਰਾਲੀ ਲੈ ਕੇ ਕੁੱਝ ਬੰਦੇ ਮਿੱਟੀ ਚੁੱਕਣ ਲੱਗੇ ਹੋਏ ਸਨ ਅਤੇ ਰੌਲਾ ਪੈਣ ’ਤੇ ਉਹ ਮੌਕੇ ਤੋਂ ਆਪਣੇ ਵਾਹਨ ਸਮੇਤ ਫਰਾਰ ਹੋ ਗਏ।
ਸ਼ਿਕਾਇਤਕਰਤਾਵਾਂ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਵੇਰਵੇ
ਸ਼ਿਕਾਇਤਕਰਤਾਵਾਂ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਪਿੰਡ ਸ਼ਾਮਪੁਰ ਦੀ ਸਰਪੰਚ ਚਰਨਜੀਤ ਕੌਰ ਅਤੇ ਉਸ ਦਾ ਪਤੀ ਇੰਦਰਜੀਤ ਸਿੰਘ ਸ਼ਾਮਲਾਤ ਜ਼ਮੀਨ ’ਚੋਂ ਕਥਿਤ ਤੌਰ ’ਤੇ ਮਿੱਟੀ ਚੁੱਕ ਕੇ ਆਪਣੇ ਖੇਤ ਵਿੱਚ ਸੁੱਟ ਰਹੇ ਹਨ। ਉਂਜ ਪੁਲੀਸ ਅਨੁਸਾਰ ਪਿੰਡ ਸ਼ਾਮਪੁਰ ਦੀ ਇਸ ਸ਼ਾਮਲਾਤ ਜ਼ਮੀਨ ਵਿੱਚ ਕੋਈ ਟੋਆ ਪੁੱਟਿਆ ਨਹੀਂ ਪਾਇਆ ਗਿਆ। ਸ਼ਿਕਾਇਤਕਰਤਾਵਾਂ ਨੇ ਜ਼ੁਬਾਨੀ ਦੱਸਿਆ ਕਿ ਗੁਰਜੰਟ ਗਿਰ ਜੇਸੀਬੀ ਮਸ਼ੀਨ ਨਾਲ ਮਿੱਟੀ ਚੁੱਕ ਕੇ ਦੇਵੀ ਦਿਆਲ ਦੀ ਟਰੈਕਟਰ-ਟਰਾਲੀ ਵਿੱਚ ਪਾ ਰਿਹਾ ਸੀ ਅਤੇ ਪੁਲੀਸ ਨੂੰ ਫੋਨ ਕੀਤਾ ਗਿਆ। ਜਦੋਂ ਪੁਲੀਸ ਪਹੁੰਚੀ ਉਦੋਂ ਤੱਕ ਇਹ ਵਿਅਕਤੀ ਜੇਸੀਬੀ ਮਸ਼ੀਨ ਤੇ ਟਰੈਕਟਰ-ਟਰਾਲੀ ਲੈ ਕੇ ਚਲੇ ਗਏ ਗਏ ਸਨ। ਇਸ ਸਬੰਧੀ ਮਾਈਨਿੰਗ ਇੰਸਪੈਕਟਰ ਦਵਿੰਦਰ ਸਿੰਘ ਨੂੰ ਵੀ ਮੌਕੇ ’ਤੇ ਸੱਦਿਆ ਗਿਆ। ਪਿੰਡ ਵਾਸੀਆਂ ਨੇ ਮਾਈਨਿੰਗ ਅਫ਼ਸਰ ਨੂੰ ਵੱਖਰੇ ਤੌਰ ’ਤੇ ਸਾਂਝੀ ਸ਼ਿਕਾਇਤ ਦਿੱਤੀ। ਮੁੱਢਲੀ ਜਾਂਚ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਂਦੀ ਗਈ।