ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 16 ਸਤੰਬਰ
ਇੱਥੋਂ ਦੇ ਨੇੜਲੇ ਪਿੰਡ ਕੁੜਾਵਾਲਾਂ ਵਿੱਚ ਜ਼ਮੀਨ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਹੋਏ ਝਗੜੇ ਦੌਰਾਨ ਔਰਤ ਸਣੇ ਚਾਰ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਝਗੜੇ ਦੀ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਪੁਲੀਸ ਨੇ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿਵਲ ਹਸਪਤਾਲ ਵਿੱਚ ਦਾਖਲ ਨਛੱਤਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਇਕ ਪਰਿਵਾਰ ਨਾਲ ਉਸ ਦਾ ਜ਼ਮੀਨ ਨੂੰ ਲੈ ਕੇ ਝਗੜਾ ਚਲ ਰਿਹਾ ਹੈ। ਇਸ ਜ਼ਮੀਨੀ ਮਾਮਲੇ ਸਬੰਧੀ ਉਸ ਨੂੰ ਅਦਾਲਤ ਵਿੱਚੋਂ ਸਟੇਅ ਹਾਸਲ ਹੈ। ਇਸ ਦੇ ਬਾਵਜੂਦ ਦੂਜਾ ਪਰਿਵਾਰ ਵੱਲੋਂ ਅੱਜ ਉਸ ’ਤੇ 15 ਤੋਂ 20 ਸਾਥੀਆਂ ਨਾਲ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ। ਇਸ ਦਾ ਵਿਰੋਧ ਕਰਨ ’ਤੇ ਉਨ੍ਹਾਂ ਵੱਲੋਂ ਉਨ੍ਹਾਂ ’ਤੇ ਡੰਡਿਆਂ ਅਤੇ ਹੋਰਨਾਂ ਹਥਿਆਰਾਂ ਨਾਲ ਹਮਲਾ ਕਰ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਝਗੜੇ ਵਿੱਚ ਉਹ ਅਤੇ ਉਸ ਦਾ ਲੜਕਾ ਜ਼ਖ਼ਮੀ ਹੋ ਗਏ।
ਦੂਜੀ ਧਿਰ ਤੋਂ ਰਾਏ ਸਿੰਘ ਦੀ ਪਤਨੀ ਅਤੇ ਲੜਕਾ ਵੀ ਹਸਪਤਾਲ ਵਿੱਚ ਦਾਖ਼ਲ ਹਨ ਜਿਨ੍ਹਾਂ ਨੇ ਇਸ ਝਗੜੇ ਸਬੰਧੀ ਕੁਝ ਵੀ ਦੱਸਣ ਤੋਂ ਸਾਫ ਮਨ੍ਹਾਂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਝਗੜੇ ਬਾਰੇ ਉਹ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦੇਣਾ ਚਾਹੁੰਦੇ। ਇਸ ਬਾਰੇ ਥਾਣਾ ਮੁਖੀ ਸਹਾਇਕ ਇੰਸਪੈਕਟਰ ਜਸਕੰਵਲ ਸਿੰਘ ਨੇ ਕਿਹਾ ਕਿ ਜ਼ਮੀਨ ਨੂੰ ਲੈ ਕੇ ਦੋਵੇਂ ਧਿਰਾਂ ਦਾ ਝਗੜਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।