ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 30 ਮਈ
ਸੋਨੇ ਅਤੇ ਹੀਰੇ ਦੇ ਗਹਿਣਿਆਂ ਦਾ ਕੂਰੀਅਰ ਪਾਰਸਲ ਲੁੱਟਣ ਦਾ ਮਾਮਲਾ ਸੁਲਝਾਉਂਦਿਆਂ ਮੁਹਾਲੀ ਪੁਲੀਸ ਨੇ ਚਾਰ ਮੁਲਜ਼ਮਾਂ ਆਸ਼ੂ ਵਾਸੀ ਪ੍ਰੇਮ ਨਗਰ, ਅੰਬਾਲਾ ਸ਼ਹਿਰੀ, ਜਸਪ੍ਰੀਤ ਸਿੰਘ ਉਰਫ਼ ਜੱਸੀ ਵਾਸੀ ਕਾਜੀਵਾਰਾ (ਅੰਬਾਲਾ), ਤਰਲੋਕ ਸਿੰਘ ਵਾਸੀ ਅੰਬਾਲਾ ਸ਼ਹਿਰੀ ਅਤੇ ਰਵਿੰਦਰ ਵਾਸੀ ਰਾਜਸਥਾਨ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਫੇਜ਼-11 ਵਿੱਚ ਕੇਸ ਦਰਜ ਕੀਤਾ ਗਿਆ ਹੈ।
ਅੱਜ ਇੱਥੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 72 ਲੱਖ 36 ਰੁਪਏ ਕੀਮਤ ਦੇ ਸੋਨੇ ਅਤੇ ਡਾਇਮੰਡ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬੀਤੀ 23 ਮਈ ਨੂੰ ਬਾਵਾ ਵਾਈਟ ਹਾਊਸ ਫੇਜ਼-11 (ਨੇੜੇ ਰੇਲਵੇ ਸਟੇਸ਼ਨ) ਕੋਲੋਂ ਅਣਪਛਾਤੇ ਵਿਅਕਤੀ ਇੱਕ ਕੂਰੀਅਰ ਕੰਪਨੀ ਦੇ ਦੋ ਵਰਕਰਾਂ ਤੋਂ ਪਾਰਸਲ ਖੋਹ ਕੇ ਲੈ ਗਏ ਸਨ। ਇਨ੍ਹਾਂ ਪਾਰਸਲਾਂ ਵਿੱਚ ਸੋਨੇ ਅਤੇ ਹੀਰਿਆ ਦੇ ਗਹਿਣੇ ਸਨ। ਇਸ ਸਬੰਧੀ ਥਾਣਾ ਫੇਜ਼-11 ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ।੍ਯ
ਇਸ ਦੌਰਾਨ ਡੀਐੱਸਪੀ (ਸਿਟੀ-2) ਸੁਖਜੀਤ ਸਿੰਘ ਵਿਰਕ ਦੀ ਨਿਗਰਾਨੀ ਹੇਠ ਥਾਣਾ ਫੇਜ਼-11 ਦੇ ਐੱਸਐੱਚਓ ਸਬ ਇੰਸਪੈਕਟਰ ਗਗਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇਸ ਲੁੱਟ-ਖੋਹ ਦੀ ਵਾਰਦਾਤ ਕਰਨ ਵਾਲੇ ਮੁਲਜ਼ਮਾਂ ’ਚੋਂ ਸਭ ਤੋਂ ਪਹਿਲਾਂ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ ਜਿਸ ਤੋਂ ਕੁਝ ਗਹਿਣੇ ਅੰਬਾਲਾ ’ਚੋਂ ਬਰਾਮਦ ਕੀਤੇ ਗਏ। ਤਫ਼ਤੀਸ਼ ਦੌਰਾਨ ਆਸ਼ੂ ਨੇ ਆਪਣੇ ਬਾਕੀ ਸਾਥੀਆਂ ਤਰਲੋਕ ਸਿੰਘ, ਜਸਪ੍ਰੀਤ ਸਿੰਘ ਉਰਫ਼ ਜੱਸੀ ਅਤੇ ਰਿੰਕੂ ਵਾਸੀ ਹਿਸਾਰ ਅਤੇ ਹਰਦੀਪ ਵਾਸੀ ਅੰਬਾਲਾ ਸਿਟੀ ਬਾਰੇ ਵੀ ਪੁਲੀਸ ਕੋਲ ਖੁਲਾਸਾ ਕੀਤਾ। ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਨੇ ਕਾਰਵਾਈ ਕਰਦਿਆਂ ਜਸਪ੍ਰੀਤ ਉਰਫ਼ ਜੱਸੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਹਿੱਸੇ ਆਉਂਦੇ ਗਹਿਣੇ ਬਰਾਮਦ ਕੀਤੇ ਗਏ। ਇੰਜ ਹੀ ਮੁਲਜ਼ਮ ਤਰਲੋਕ ਸਿੰਘ ਅਤੇ ਰਵਿੰਦਰ ਨੂੰ ਗ੍ਰਿਫ਼ਤਾਰ ਕਰ ਕੇ 72 ਲੱਖ 36 ਹਜ਼ਾਰ ਰੁਪਏ ਦੇ ਸੋਨੇ ਅਤੇ ਡਾਇਮੰਡ ਦੇ ਗਹਿਣੇ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਲੁੱਟ ਦੀ ਇਸ ਵਾਰਦਾਤ ਲਈ ਵਰਤੀ ਹਰਿਆਣਾ ਨੰਬਰ ਦੀ ਕਾਰ ਵੀ ਬਰਾਮਦ ਕਰ ਲਈ ਗਈ ਹੈ। ਇਸ ਮਾਮਲੇ ਵਿੱਚ ਫਰਾਰ ਬਾਕੀ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ।