ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਸਤੰਬਰ
ਇੱਥੋਂ ਦੇ ਸੈਕਟਰ-25 ਵਿੱਚ ਸਥਿਤ ਰੈਲੀ ਗਰਾਉੂਂਡ ਦੇ ਨਜ਼ਦੀਕ ਕਾਰ ਦੀ ਚਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਦੋਂ ਇਕ ਦੇ ਸੱਟਾਂ ਵਜੀਆਂ। ਮ੍ਰਿਤਕ ਦੀ ਪਛਾਣ ਮਨਦੀਪ ਵਾਸੀ ਇੰਦਰਾ ਕਲੋਨੀ ਮਨੀਮਾਜਰਾ ਵਜੋਂ ਹੋਈ ਹੈ, ਜਦੋਂ ਕਿ ਮਨੀਸ਼ ਦੇ ਕਾਫੀ ਸੱਟਾਂ ਵਜੀਆਂ ਹਨ। ਥਾਣਾ ਸੈਕਟਰ-11 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਮ੍ਰਿਤਕ ਦੇ ਦੋਸਤ ਬਰਜਿੰਦਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿਚ ਵਾਪਰੇ ਦੋ ਸੜਕ ਹਾਦਸਿਆਂ ਵਿਚ ਦੋ ਜਣਿਆਂ ਦੀ ਮੌਤ ਹੋ ਗਈ। ਗੋਲਾ ਪਿੰਡ ਦੇ ਆਦਿਤਿਆ ਨੇ ਸ਼ਾਹਜ਼ਾਦਪੁਰ ਥਾਣੇ ਵਿਚ ਸ਼ਿਕਾਇਤ ਦੇ ਕੇ ਦੱਸਿਆ ਹੈ ਕਿ ਕੱਲ੍ਹ ਉਸ ਦਾ ਭਰਾ ਸ਼ਾਹਜ਼ਾਦਪੁਰ-ਸਾਹਾ ਨੈਸ਼ਨਲ ਹਾਈਵੇਅ ’ਤੇ ਪੈਦਲ ਜਾ ਸੀ ਕਿ ਸ਼ਾਹਜ਼ਾਦਪੁਰ ਵੱਲੋਂ ਆ ਰਹੇ ਮੋਟਰ ਸਾਈਕਲ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜੀਐਮਸੀਐਚ ਸੈਕਟਰ-32 ਚੰਡੀਗੜ੍ਹ ’ਚ ਉਸ ਦੀ ਮੌਤ ਹੋ ਗਈ। ਦੂਜਾ ਹਾਦਸਾ ਮੁਲਾਣਾ ਨੇੜੇ ਵਾਪਰਿਆ ਜਿਸ ਵਿਚ ਮੋਟਰ ਸਾਈਕਲ ਸਵਾਰ ਹਰੜਾ ਪਿੰਡ ਦੇ ਅਮਿਤ ਕੁਮਾਰ ਦੀ ਮੌਤ ਹੋ ਗਈ। ਗਗਨਹੇੜੀ ਪਿੰਡ ਦੇ ਅਮਰਜੀਤ ਸਿੰਘ ਨੇ ਮੁਲਾਣਾ ਪੁਲੀਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਇਹ ਹਾਦਸਾ ਰਾਤ 9 ਵਜੇ ਦੇ ਕਰੀਬ ਵਾਪਰਿਆ। ਤੀਜੇ ਹਾਦਸੇ ’ਚ ਜੰਗਸ਼ੇਰ ਸਿੰਘ ਨਿਵਾਸੀ ਪਿੰਡ ਮਾਂਡੀ ਜ਼ਿਲ੍ਹਾ ਕੁਰੂਕਸ਼ੇਤਰ ਨੇ ਅੰਬਾਲਾ ਛਾਉਣੀ ਥਾਣੇ ਵਿਚ ਸ਼ਿਕਾਇਤ ਦਰਜ ਕਰਾਈ ਹੈ ਕਿ ਕੱਲ੍ਹ ਸ਼ਾਮ ਨੂੰ ਜਦੋਂ ਉਸ ਦਾ ਭਰਾ ਸਰਬਜੀਤ ਸਿੰਘ ਉਰਫ਼ ਸਾਬਾ (40) ਮੋਟਰ ਸਾਈਕਲ ਤੇ ਛਾਉਣੀ ਮਹੇਸ਼ ਨਗਰ ਤੋਂ ਵਾਪਸ ਜਾ ਰਿਹਾ ਸੀ ਤਾਂ ਮੋਹਨ ਮੁਰਗ਼ੇ ਵਾਲਾ ਕੱਟ ਲਾਗੇ ਜੇਸੀਬੀ ਨਾਲ ਟਕਰਾ ਗਿਆ। ਜ਼ਖ਼ਮੀ ਹਾਲਤ ਵਿਚ ਸਰਬਜੀਤ ਨੂੰ ਸਿਵਲ ਹਸਪਤਾਲ ਅੰਬਾਲਾ ਕੈਂਟ ਲਿਜਾਇਆ ਗਿਆ ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਆਨੰਦਪੁਰ ਸਾਹਿਬ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਲੜਕੀ ਦੀ ਮੌਤ
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਸ੍ਰੀ ਆਨੰਦਪੁਰ ਸਾਹਿਬ-ਸ੍ਰੀ ਨੈਣਾ ਦੇਵੀ ਮੁੱਖ ਸੜਕ ’ਤੇ ਪਿੰਡ ਜੱਜਰ ਨਜ਼ਦੀਕ ਐਸਯੂਵੀ ਗੱਡੀ ਦੀ ਚਪੇਟ ਵਿੱਚ ਆਉਣ ਕਾਰਨ ਇਕ ਲੜਕੀ ਦੀ ਮੌਤ ਹੋ ਗਈ। ਤਫਤੀਸ਼ੀ ਅਫਸਰ ਏਐੱਸਆਈ ਯੋਗਰਾਜ ਸਿੰਘ ਨੇ ਦੱਸਿਆ ਕਿ ਪਿੰਡ ਜੱਜਰ ਦੀ ਰਹਿਣ ਵਾਲੀ ਲੜਕੀ ਕਮਲਜੀਤ ਕੌਰ ਪੁੱਤਰੀ ਅਵਤਾਰ ਸਿੰਘ ਬੱਸ ਵਿੱਚੋਂ ਉਤਰ ਕੇ ਜਦੋਂ ਸੜਕ ਪਾਰ ਕਰਨ ਲੱਗੀ ਤਾਂ ਦੂਸਰੀ ਸਾਈਡ ਤੋਂ ਆ ਰਹੀ ਐਸਯੂਵੀ ਗੱਡੀ ਦੀ ਚਪੇਟ ਵਿੱਚ ਆ ਗਈ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗੱਡੀ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।