ਹਰਜੀਤ ਸਿੰਘ
ਡੇਰਾਬੱਸੀ, 14 ਸਤੰਬਰ
ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਲੰਘੀ ਦੇਰ ਰਾਤ ਇੱਕ ਬੇਕਾਬੂ ਟਰੱਕ ਡਿਵਾਈਡਰ ਨੂੰ ਪਾਰ ਕਰਦੇ ਹੋਏ ਦੂਜੇ ਪਾਸੇ ਤੋਂ ਆ ਰਹੇ ਇੱਕ ਕੈਂਟਰ ਨਾਲ ਟਕਰਾ ਗਿਆ। ਹਾਦਸੇ ਵਿੱਚ ਪਤੀ-ਪਤਨੀ ਸਣੇ ਚਾਰ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਡੇਰਾਬੱਸੀ ਵਸਨੀਕ ਇੱਕ ਵਿਅਕਤੀ ਦਾ ਟਰੱਕ ਅੰਬਾਲਾ ਤੋਂ ਆ ਰਿਹਾ ਸੀ। ਆਦਰਸ਼ ਨਗਰ ਦੇ ਸਾਹਮਣੇ ਟਰੱਕ ਦਾ ਅਗਲਾ ਟਾਇਰ ਅਚਾਨਕ ਫੱਟਣ ਕਾਰਨ ਉਹ ਬੇਕਾਬੂ ਹੋ ਕੇ ਡਿਵਾਈਡਰ ਨੂੰ ਤੋੜਦਾ ਹੋਇਆ ਅੰਬਾਲਾ ਵੱਲ ਜਾ ਰਹੇ ਇੱਕ ਕੈਂਟਰ ਨਾਲ ਜਾ ਟਕਰਾਇਆ। ਹਾਦਸਾ ਐਨਾ ਭਿਆਨਕ ਸੀ ਕਿ ਕੈਂਟਰ ਪਲਟ ਗਿਆ ਜਦਕਿ ਟਰੱਕ ਦੇ ਪਰਖੱਚੇ ਉੱਡ ਗਏ। ਹਾਦਸੇ ਦੌਰਾਨ ਕੈਂਟਰ ਵਿੱਚ ਤਿੰਨ ਜਣੇ ਸਵਾਰ ਸਨ ਜੋ ਜ਼ਖ਼ਮੀ ਹੋ ਗਏ। ਕੈਂਟਰ ਵਿੱਚ ਉਸਦਾ ਚਾਲਕ ਅਤੇ ਪਤੀ-ਪਤਨੀ ਸਵਾਰ ਸਨ ਜੋ ਗੰਭੀਰ ਜ਼ਖ਼ਮੀ ਹੋ ਗਏ ਜਦਕਿ ਟਰੱਕ ਦੇ ਚਾਲਕ ਨੂੰ ਮਾਮੂਲੀ ਸੱਟਾਂ ਵੱਜੀਆਂ। ਸਿਵਲ ਹਸਪਤਾਲ ਵਿੱਚ ਦਾਖ਼ਲ ਪਤੀ ਇਕਰਾਤ ਅਤੇ ਉਸਦੀ ਪਤਨੀ ਨਜ਼ਮਾ ਨੇ ਦੱਸਿਆ ਕਿ ਉਨ੍ਹਾਂ ਪਿੰਜੌਰ ਤੋਂ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਜਾਣ ਲਈ ਕੈਂਟਰ ਵਿੱਚ ਲਿਫਟ ਲਈ ਸੀ। ਉਨ੍ਹਾਂ ਨੇ ਲੰਘੀ ਰਾਤ 12 ਵਜੇ ਰੇਲਗੱਡੀ ਰਾਹੀਂ ਅੱਗੇ ਮੁਰਾਦਾਬਾਦ ਉੱਤਰ ਪ੍ਰਦੇਸ਼ ਆਪਣੇ ਘਰ ਜਾਣਾ ਸੀ ਪਰ ਰਾਹ ਵਿੱਚ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਨਜ਼ਮਾ ਦੇ ਜ਼ਿਆਦਾ ਸੱਟਾਂ ਵੱਜਣ ਕਾਰਨ ਉਸ ਨੂੰ ਸਿਵਲ ਹਸਪਤਾਲ ਤੋਂ ਚੰਡੀਗੜ੍ਹ ਸੈਕਟਰ 32 ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਾਦਸੇ ਤੋਂ ਬਾਅਦ ਨੁਕਸਾਨੇ ਵਾਹਨਾਂ ਕਾਰਨ ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਜਾਮ ਲੱਗ ਗਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕ੍ਰੇਨ ਨਾਲ ਕਾਫੀ ਮੁਸ਼ੱਕਤ ਮਗਰੋਂ ਵਾਹਨਾਂ ਨੂੰ ਪਾਸੇ ਕਰਵਾ ਕੇ ਕਰੀਬ ਇੱਕ ਘੰਟੇ ਬਾਅਦ ਜਾਮ ਨੂੰ ਖੁੱਲ੍ਹਵਾ ਕੇ ਆਵਾਜਾਈ ਸੁਚਾਰੂ ਕੀਤੀ।
ਥਾਣਾ ਮੁਖੀ ਸਹਾਇਕ ਇੰਸਪੈਕਟਰ ਜਸਕੰਵਲ ਸਿੰਘ ਨੇ ਦੱਸਿਆ ਕਿ ਹਾਦਸੇ ਮਗਰੋਂ ਨੁਕਸਾਨੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।