ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਮਾਰਚ
ਚੋਰਾਂ ਨੇ ਸ਼ਹਿਰ ਵਿੱਚ ਚਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲੀਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਹਿਲੀ ਘਟਨਾ ਸਥਾਨਕ ਸੈਕਟਰ-43 ਬੀ ਵਿੱਚ ਵਾਪਰੀ ਹੈ ਜਿੱਥੋਂ ਚੋਰ ਘਰ ਵਿੱਚੋਂ ਗਹਿਣੇ ਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਇਸ ਬਾਰੇ ਪੀੜਤ ਮਹਿਲਾ ਨੇ ਪੁਲੀਸ ਨੂੰ ਸ਼ਿਕਾਇਤ ਕਰਦਿਆਂ ਦੱਸਿਆ ਕਿ ਕੋਈ ਉਸ ਦੇ ਘਰ ਵਿੱਚੋਂ ਸੋਨੇ/ਚਾਂਦੀ ਦੇ ਗਹਿਣੇ ਅਤੇ ਇਕ ਲੱਖ ਰੁਪਏ ਦੀ ਨਕਦ ਤੇ ਹੋਰ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਫ਼ਰਾਰ ਹੋ ਗਿਆ ਹੈ।ਸੈਕਟਰ-43 ਬੱਸ ਅੱਡੇ ਤੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਰਹਿਣ ਵਾਲੀ ਲੜਕੀ ਦਾ ਲੈਪਟਾਪ ਚੋਰੀ ਹੋ ਗਿਆ ਹੈ ਜਿਸ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਪੁਲੀਸ ਨੇ ਉਕਤ ਸ਼ਿਕਾਇਤ ’ਤੇ ਪੜਤਾਲ ਕਰਦਿਆਂ ਬਲਰਾਮ ਵਾਸੀ ਰੋਹਤਕ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਸੈਕਟਰ-17 ਸਰਕਸ ਗਰਾਊਂਡ ਵਿੱਚੋਂ ਕਾਰ ਚੋਰੀ ਹੋ ਗਈ ਹੈ ਜੋ ਅਮਰ ਸਿੰਘ ਵਾਸੀ ਸੈਕਟਰ-70 ਮੁਹਾਲੀ ਦੀ ਸੀ। ਇਸੇ ਤਰ੍ਹਾਂ ਸੈਕਟਰ-22 ਵਿੱਚ ਰਹਿਣ ਵਾਲੀ ਔਰਤ ਦਾ ਸਾਈਕਲ ਰਾਤ ਸਮੇਂ ਘਰ ਦੇ ਨਜ਼ਦੀਕ ਤੋਂ ਚੋਰੀ ਹੋ ਗਿਆ ਹੈ।