ਕਰਮਜੀਤ ਸਿੰਘ ਚਿੱਲਾ
ਬਨੂੜ, 27 ਸਤੰਬਰ
ਬਨੂੜ ਤੋਂ ਤੇਪਲਾ (ਅੰਬਾਲਾ) ਨੂੰ ਜਾਂਦੇ ਕੌਮੀ ਮਾਰਗ ਉੱਤੇ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਕੀਤੇ ਲੌਜਿਸਟਿਕ ਪਾਰਕ ਵਿੱਚ ਉਸਰੇ ਗੋਦਾਮਾਂ ਕਾਰਨ ਪਿੰਡਾਂ ਦੇ ਬਰਸਾਤੀ ਪਾਣੀ ਦੇ ਨਿਕਾਸ ਬੰਦ ਹੋ ਗਏ ਹਨ। ਪਿੰਡ ਗੁਰਨਾ ਖੇੜੀ, ਬਾਸਮਾਂ ਕਲੋਨੀ ਅਤੇ ਬਾਸਮਾਂ ਦੇ ਵਸਨੀਕਾਂ ਨੂੰ ਇਸੇ ਸੀਜ਼ਨ ਵਿੱਚ ਦੂਹਰੀ ਮਾਰ ਪਈ ਹੈ। ਝੋਨੇ ਦੀ ਲੁਆਈ ਆਰੰਭ ਹੁੰਦੇ ਹੀ ਪਏ ਭਾਰੀ ਮੀਂਹ ਸਮੇਂ ਇਨ੍ਹਾਂ ਪਿੰਡਾਂ ਦੀ ਚਾਰ ਸੌ ਏਕੜ ਦੇ ਕਰੀਬ ਫ਼ਸਲ ਵਿੱਚ ਪਾਣੀ ਭਰ ਗਿਆ ਸੀ ਤੇ ਝੋਨਾ ਨੁਕਸਾਨਿਆ ਗਿਆ ਸੀ। ਕਿਸਾਨਾਂ ਵੱਲੋਂ ਦੁਬਾਰਾ ਝੋਨਾ ਲਗਾਇਆ ਗਿਆ ਤੇ ਹੁਣ ਪੱਕਣ ਨੇੜੇ ਆਏ ਝੋਨੇ ਵਿੱਚ ਚਾਰ-ਚਾਰ ਫੁੱਟ ਦੇ ਕਰੀਬ ਪਾਣੀ ਭਰ ਗਿਆ ਹੈ ਤੇ ਕਿਸਾਨਾਂ ਨੂੰ ਸਮੁੱਚੀ ਫ਼ਸਲ ਬਰਬਾਦ ਹੋਣ ਦਾ ਡਰ ਸਤਾ ਰਿਹਾ ਹੈ।
ਇਲਾਕਾ ਵਾਸੀ ਹੈਪੀ ਗੁਰਨਾਖੇੜੀ, ਨੰਬਰਦਾਰ ਸਤਿਨਾਮ ਸਿੰਘ ਖਲੌਰ, ਪਰਮਜੀਤ ਬਾਸਮਾਂ, ਗੁਰਪ੍ਰੀਤ ਸਿੰਘ ਟੋਨੀ, ਹਰਭਜਨ ਸਿੰਘ, ਸਰਪੰਚ ਗੁਰਸੇਵਕ ਸਿੰਘ ਗੁਰਨਾ ਖੇੜੀ ਤੇ ਨੰਬਰਦਾਰ ਜਸਪਾਲ ਸਿੰਘ ਬਾਸਮਾਂ ਨੇ ਦੱਸਿਆ ਕਿ ਇਸ ਖੇਤਰ ਵਿੱਚ ਸਾਰੇ ਇਲਾਕੇ ਦਾ ਪਾਣੀ ਇਕੱਤਰ ਹੁੰਦਾ ਹੈ। ਪਾਣੀ ਦੇ ਨਿਕਾਸੀ ਰਾਹ ਬੰਦ ਹੋਣ ਕਾਰਨ ਸਾਰਾ ਪਾਣੀ ਫ਼ਸਲਾਂ ਵਿੱਚ ਹੀ ਭਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਗੋਦਾਮ ਮਿੱਟੀ ਦੀ ਉੱਚੀ ਭਰਤ ਪਾ ਕੇ ਉਸਾਰੇ ਜਾ ਰਹੇ ਹਨ ਤੇ ਪਾਣੀ ਦੇ ਨਿਕਾਸ ਦਾ ਉਚੇਚਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ।
ਕਿਸਾਨਾਂ ਨੇ ਕਿਹਾ ਕਿ ਉਹ ਹਰ ਵਰ੍ਹੇ ਹੁੰਦੇ ਨੁਕਸਾਨ ਸਬੰਧੀ ਉੱਚ ਅਧਿਕਾਰੀ ਤੱਕ ਗੁਹਾਰ ਲਗਾ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਫ਼ਸਲਾਂ ਵਿੱਚ ਭਰੇ ਪਾਣੀ ਦਾ ਮੌਕਾ ਵੇਖ ਕੇ ਤੁਰੰਤ ਇੱਥੋਂ ਸੜਕ ਦੇ ਨਾਲ-ਨਾਲ ਕੋਈ ਡਰੇਨ ਪੁਟਵਾ ਕੇ ਪਾਣੀ ਕਢਵਾਇਆ ਜਾਵੇ ਤਾਂ ਕਿ ਪੱਕੀਆਂ ਫ਼ਸਲਾਂ ਬਚ ਸਕਣ। ਉਨ੍ਹਾਂ ਪਾਣੀ ਦੇ ਨਿਕਾਸ ਦਾ ਪੱਕਾ ਪ੍ਰਬੰਧ ਕਰਨ ਅਤੇ ਨੁਕਸਾਨੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਏ ਜਾਣ ਦੀ ਵੀ ਮੰਗ ਕੀਤੀ ਹੈ।