ਪੱਤਰ ਪ੍ਰੇਰਕ
ਚੰਡੀਗੜ੍ਹ, 28 ਮਈ
ਕਰੋਨਾ ਮਹਾਂਮਾਰੀ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ਵਿੱਚ ਤੇਜ਼ੀ ਨਾਲ ਵਧ ਰਹੀ ਮੂਕੋਰਮਾਈਕੋਸਿਸ (ਬਲੈਕ ਫੰਗਸ) ਬਿਮਾਰੀ ਦੇ ਕੇਸਾਂ ਵਿੱਚ ਦਿਨੋ-ਦਿਨ ਵਾਧਾ ਹੋ ਰਿਹਾ ਹੈ ਜਿਸ ਦੇ ਚਲਦਿਆਂ ਪੀ.ਜੀ.ਆਈ. ਚੰਡੀਗੜ੍ਹ ਵਿੱਚ ਹੁਣ ਤੱਕ ਕੁੱਲ 116 ਮਰੀਜ਼ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਚੰਡੀਗੜ੍ਹ ਦੇ 7, ਪੰਜਾਬ ਦੇ 62, ਹਰਿਆਣਾ ਦੇ 25, ਯੂ.ਪੀ. ਦੇ 11, ਉੱਤਰਾਖੰਡ ਦੇ 3, ਹਿਮਾਚਲ ਪ੍ਰਦੇਸ਼ ਦੇ 3 ਅਤੇ ਰਾਜਸਥਾਨ ਦੇ 4 ਮਰੀਜ਼ ਹਨ। ਇਸ ਤੋਂ ਇਲਾਵਾ ਪੀਜੀਆਈ ਵਿੱਚ ਚਾਰ ਮਰੀਜ਼ਾਂ ਦੀ ਮੌਤ ਜਦਕਿ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਵਿੱਚ ਬਲੈਕ ਫੰਗਸ ਦਾ ਇੱਕ ਮਰੀਜ਼ ਠੀਕ ਹੋਇਆ ਹੈ। ਜਾਣਕਾਰੀ ਮੁਤਾਬਕ ਹਸਪਤਾਲ ਦੇ ਈ.ਐਨ.ਟੀ. ਵਿਭਾਗ ਵਿੱਚ ਦਾਖਲ ਕਰੀਬ 69 ਸਾਲਾ ਮਰੀਜ਼ ਨੂੰ ਅੱਖਾਂ ਤੋਂ ਦੋ-ਦੋ ਦਿਖਾਈ ਦੇ ਰਹੇ ਸਨ ਅਤੇ ਗਲ਼ੇ ਨੂੰ ਵੀ ਸੋਜ਼ਿਸ਼ ਸੀ। ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ ਦਾ ਅਪ੍ਰੇਸ਼ਨ ਕੀਤਾ ਗਿਆ ਅਤੇ ਉਸ ਦੀ ਕੋਈ ਅੱਖ ਕੱਢਣ ਦੀ ਜ਼ਰੂਰਤ ਨਹੀਂ ਪਈ। ਪਤਾ ਲੱਗਾ ਹੈ ਕਿ ਜੀਐਮਸੀਐਚ-32 ਵਿੱਚ ਬਲੈਕ ਫੰਗਸ ਦੇ ਇਸ ਸਮੇਂ 29 ਮਰੀਜ਼ ਹਨ ਜਿਨ੍ਹਾਂ ਵਿੱਚੋਂ 20 ਦੀ ਸਰਜਰੀ ਹੋ ਚੁੱਕੀ ਹੈ ਅਤੇ ਬਾਕੀ ਮਰੀਜ਼ਾਂ ਦੀ ਸਰਜਰੀ ਫਿੱਟਨੈੱਸ ਦੇ ਅਧਾਰ ’ਤੇ ਕੀਤੀ ਜਾਵੇਗੀ।