ਨਵੀਂ ਦਿੱਲੀ, 12 ਮਈ
ਚੰਡੀਗੜ੍ਹ ਪੁਲੀਸ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਚਾਰ ਅਧਿਕਾਰੀਆਂ ਨੂੰ ਉਗਰਾਹੀ ਦੀ ਨੀਅਤ ਨਾਲ ਆਈਟੀ ਕੰਪਨੀ ’ਤੇ ਛਾਪੇਮਾਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।ਇਸ ਦੌਰਾਨ ਸੀਬੀਆਈ ਨੇ ਆਪਣੇ ਇਨ੍ਹਾਂ ਚਾਰੇ ਸਬ ਇੰਸਪੈਕਟਰਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਚਾਰ ਮੁਲਜ਼ਮ ਅਧਿਕਾਰੀ ਬੁੱਧਵਾਰ ਨੂੰ ਕਥਿਤ ਤੌਰ ‘ਤੇ ‘ਤਲਾਸ਼ੀ’ ਲਈ ਚੰਡੀਗੜ੍ਹ ਗਏ ਸਨ, ਜਦ ਕਿ ਉਹ ਉੱਥੇ ਤਾਇਨਾਤ ਨਹੀਂ ਸਨ। ਉਨ੍ਹਾਂ ਕੋਲ ਇਸ ਤਲਾਸ਼ੀ ਲਈ ਕੋਈ ਅਧਿਕਾਰਤ ਹੁਕਮ ਵੀ ਨਹੀਂ ਸਨ। ਕੰਪਨੀ ਦੇ ਕਰਮਚਾਰੀਆਂ ਨੇ ਉਸ ਨੂੰ ਸ਼ੱਕ ਦੇ ਆਧਾਰ ‘ਤੇ ਉਨ੍ਹਾਂ ਨੂੰ ਘੇਰ ਲਿਆ ਅਤੇ ਪੁਲੀਸ ਨੂੰ ਬੁਲਾਇਆ। ਸੀਬੀਆਈ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਦੀ ਨੀਤੀ ‘ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੈ’, ਜਿਸ ਤਹਿਤ ਮੁਲਜ਼ਮ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।