ਪੱਤਰ ਪ੍ਰੇਰਕ
ਲਾਲੜੂ, 1 ਨਵੰਬਰ
ਲਾਲੜੂ ਇਲਾਕੇ ’ਚ ਮੱਝਾਂ ਦੀ ਚੋਰੀ ਦੀ ਵਾਰਦਾਤਾਂ ਵਿੱਚ ਹੋ ਰਹੇ ਵਾਧੇ ਦੇ ਚਲਦੇ ਪਿਛਲੇ ਦਿਨੀ ਚਾਰ ਮੱਝਾਂ ਚੋਰੀ ਹੋ ਗਈਆ ਸਨ, ਜਿਨ੍ਹਾਂ ’ਚੋਂ ਪੁਲੀਸ ਨੇ ਇਕ ਮੱਝ ਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਤਿੰਨ ਮੁਲਜ਼ਮ ਫਰਾਰ ਹਨ।
ਮੱਝ ਦੇ ਮਾਲਕ ਸ਼ੇਰ ਅਲੀ ਨੇ ਦੱਸਿਆ ਕਿ ਉਨ੍ਹਾਂ ਲਾਲੜੂ ’ਚ ਇਕ ਵਾੜੇ ਵਿੱਚ 31 ਮੱਝਾਂ ਰੱਖੀਆਂ ਹਨ। 27 ਅਕਤੂਬਰ ਦੀ ਰਾਤ ਨੂੰ ਉਹ ਮੱਝਾਂ ਨੂੰ ਕੱਖ ਪਾ ਕੇ ਸੌਂ ਗਏ ਅਤੇ ਸਵੇਰੇ ਕੱਖ ਪਾਉਣ ਲਈ ਉਠੇ ਤਾਂ ਵੇਖਿਆ ਕਿ 31 ਮੱਝਾਂ ’ਚੋਂ ਚਾਰ ਮੱਝਾਂ ਗਾਇਬ ਸਨ, ਜਿਸ ਦੀ ਸ਼ਿਕਾਇਤ ਉਨ੍ਹਾਂ ਲਾਲੜੂ ਪੁਲੀਸ ਨੂੰ ਕੀਤੀ ਤੇ ਆਪਣੇ ਪੱਧਰ ’ਤੇ ਵੀ ਭਾਲ ਕੀਤੀ। ਡੇਰਾਬਸੀ ਦੇ ਇਕ ਮੀਟ ਪਲਾਂਟ ਵਿੱਚ ਇਕ ਵਪਾਰੀ ਮੱਝਾਂ ਵੇਚਣ ਲਈ ਆਇਆ ਤੇ ਉਨ੍ਹਾਂ ਦੇ ਮੱਝਾਂ ਦੀ ਭਾਲ ਕਰਨ ਵਾਲੇ ਬੰਦਿਆਂ ਨੇ ਉਥੇ ਇਕ ਮੱਝ ਨੂੰ ਪਛਾਣ ਲਿਆ, ਜਦੋਂਕਿ ਉਨ੍ਹਾਂ ਦੀ ਮੱਝ ਦਾ ਮੀਟ ਪਲਾਂਟ ਵਿੱਚ ਜਾਣ ਲਈ 61 ਨੰਬਰ ਲੱਗ ਚੁੱਕਾ ਸੀ। ਮੀਂਟ ਪਲਾਂਟ ’ਚ ਮੱਝਾਂ ਲੈ ਕੇ ਆਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਇਹ ਮੱਝ ਖੰਨੇ ਦੇ ਵਪਾਰੀ ਤੋਂ ਖਰੀਦੀ ਹੈ। ਖੰਨੇ ਦੇ ਵਪਾਰੀ ਨੇ ਦੱਸਿਆ ਕਿ ਉਨ੍ਹਾਂ ਮੱਝ ਲਾਲੜੂ ਦੇ ਕਿਸੇ ਵਿਅਕਤੀ ਤੋਂ ਖਰੀਦੀ ਹੈ, ਜਿਸ ਦਾ ਆਧਾਰ ਕਾਰਡ ਨੰਬਰ ਉਨ੍ਹਾਂ ਕੋਲ ਹੈ।
ਏਐਸਆਈ ਹਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਮਤਲੂਕ ਅਹਿਮਦ ਵਾਸੀ ਡੇਰਾਬਸੀ, ਉਮਰ ਵਾਸੀ ਚਿਲਕਾਨਾ, ਯੂਪੀ, ਸੂਰਜ ਵਾਸੀ ਲਾਲੜੂ ਸਮੇਤ ਦੋ ਹੋਰ ਨਾਮਲੂਮ ਵਿਅਕਤੀਆਂ ਖ਼ਿਲਾਫ਼ ਧਾਰਾ 379 ਤਹਿਤ ਕੇਸ ਦਰਜ ਕਰ ਲਿਆ ਤੇ ਚੋਰੀ ਕੀਤੀਆਂ ਚਾਰ ਮੱਝਾਂ ’ਚੋਂ ਇਕ ਮੱਝ ਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਤਿੰਨ ਮੁਲਜ਼ਮ ਅਜੇ ਫਰਾਰ ਹਨ।