ਨਿੱਜੀ ਪੱਤਰ ਪੇਰਕ
ਡੇਰਾਬੱਸੀ, 5 ਜੁਲਾਈ
ਪਿੰਡ ਖੇੜਾਂ ਗੁੱਜਰਾਂ ਵਿੱਚ ਦੂਸ਼ਿਤ ਪਾਣੀ ਪੀਣ ਨਾਲ ਚਾਰ ਮੱਝਾਂ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਤੇ ਦਸ ਦੇ ਕਰੀਬ ਮੱਝਾਂ ਗੰਭੀਰ ਬਿਮਾਰ ਹੋ ਗਈਆਂ ਹਨ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਹੈ ਜਦੋਂਕਿ 8 ਮੱਝਾਂ ਨੂੰ ਗੁਲੋਕੋਜ਼ ਲੱਗਿਆ ਹੋਇਆ ਹੈ। ਪਿੰਡ ਵਿੱਚ ਮੱਝਾਂ ਮਰਨ ਮਗਰੋਂ ਅੱਜ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਪਿੰਡ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਨੇੜੇ ਸਥਿਤ ਮੀਟ ਪਲਾਂਟ ਵਿੱਚੋਂ ਵੱਡੇ ਪਾਈਪਾਂ ਰਾਹੀਂ ਨਾਜਾਇਜ਼ ਤੌਰ ’ਤੇ ਦੂਸ਼ਿਤ ਪਾਣੀ ਨਦੀ ਨਾਲਿਆਂ ਵਿੱਚ ਛੱਡਿਆ ਜਾ ਰਿਹਾ ਹੈ। ਸ੍ਰੀ ਸ਼ਰਮਾ ਵੱਲੋਂ ਅੱਜ ਪਿੰਡ ਵਾਸੀਆਂ ਨਾਲ ਮੌਕੇ ‘ਤੇ ਜਾ ਕੇ ਪੱਤਰਕਾਰਾਂ ਨੂੰ ਮੀਟ ਪਲਾਂਟ ਵੱਲੋਂ ਪਾਣੀ ਛੱਡਣ ਲਈ ਪਾਈਪ ਦਿਖਾਏ ਜਿਨ੍ਹਾਂ ਰਾਹੀਂ ਉਹ ਕਥਿਤ ਪਾਣੀ ਛੱਡਦੇ ਹਨ। ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀ ਵੀ ਸ੍ਰੀ ਸ਼ਰਮਾ ਨਾਲ ਮੌਜੂਦ ਸਨ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਇਲਾਕੇ ਦੇ ਕਾਂਗਰਸੀ ਆਗੂ ਮੀਟ ਪਲਾਂਟਾਂ ਤੋਂ ਪੈਸੇ ਲੈਂਦੇ ਹਨ ਜਿਸ ਕਾਰਨ ਮੀਟ ਪਲਾਂਟ ਦੇ ਮਾਲਕ ਪ੍ਰਦੂਸ਼ਣ ਵਿਭਾਗ ਦੇ ਨਿਯਮਾਂ ਦੀ ਅਣਦੇਖੀ ਕਰਕੇ ਦੂਸ਼ਿਤ ਪਾਣੀ ਨੂੰ ਨਾਲਿਆਂ ਵਿੱਚ ਸੁੱਟ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਮੌਕੇ ’ਤੇ ਹਾਜ਼ਰ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪਲਾਂਟ ਵੱਲੋਂ ਪਿੰਡ ਦੀ ਸ਼ਾਮਲਾਟ ਜ਼ਮੀਨ ’ਚ ਇਹ ਜ਼ਹਿਰੀਲਾ ਪਾਣੀ ਛੱਡ ਦਿੱਤਾ ਜਾਂਦਾ ਹੈ ਜੋ ਪਿੰਡ ਦੇ ਰਸਤਿਆਂ ’ਚ ਦੀ ਲੰਘਦਾ ਹੈ। ਇਸ ਜ਼ਹਿਰੀਲੇ ਪਾਣੀ ਨੂੰ ਪੀਣ ਨਾਲ ਪਸ਼ੂਆਂ ਦੀ ਮੌਤ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੀਟ ਪਲਾਂਟ ਤੋਂ ਇਲਾਵਾ ਨੇੜਲੇ ਸਥਿਤ ਕੈਮੀਕਲ ਫੈਕਟਰੀਆਂ ਤੇ ਮੀਟ ਪਲਾਂਟਾਂ ਵੱਲੋਂ ਛੱਡੇ ਜਾ ਰਹੇ ਗੰਦੇ ਪਾਣੀ ਕਰਕੇ ਲੋਕਾਂ ਦੀ ਜ਼ਿੰਦਗੀ ਐਨੀ ਨਰਕ ਭਰੀ ਬਣ ਚੁੱਕੀ ਹੈ ਕਿ ਲੋਕ ਬੀਮਾਰੀਆਂ ਦੀ ਲਪੇਟ ਵਿਚ ਆ ਚੁੱਕੇ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਥੇ 8-10 ਪਿੰਡਾਂ ਦੇ ਲੋਕ ਗੁੱਜਰ ਬਰਾਦਰੀ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਮੁੱਖ ਧੰਦਾ ਦੁੱਧ ਦਾ ਹੈ।