ਪੱਤਰ ਪ੍ਰੇਰਕ
ਖਰੜ, 6 ਅਗਸਤ
ਨਜ਼ਦੀਕੀ ਪਿੰਡ ਜੰਡਪੁਰ ਵਿੱਚ ਬਿਜਲੀ ਦੇ ਕਰੰਟ ਲੱਗਣ ਕਾਰਨ ਗੁੱਜਰ ਪਰਿਵਾਰ ਦੀਆਂ ਚਾਰ ਮੱਝਾਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੈਰੀਫੇਰੀ ਮਿਲਕਮੈੱਨ ਯੂਨੀਅਨ ਚੰਡੀਗੜ੍ਹ-ਮੁਹਾਲੀ ਦੇ ਮੁੱਖ ਬੁਲਾਰੇ ਬਲਜਿੰਦਰ ਸਿੰਘ ਭਾਗੋਮਾਜਰਾ ਅਤੇ ਦਲਜੀਤ ਸਿੰਘ ਮਨਾਣਾ ਨੇ ਦੱਸਿਆਂ ਕਿ ਇਹ ਹਾਦਸਾ ਸੈਕਟਰ-123 ਜੰਡਪੁਰ-ਸੰਨੀ ਐਨਕਲੇਵ ਨੇੜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਉਥੇ ਬਿਜਲੀ ਦੀ ਤਾਰ ਟੁੱਟੀ ਹੋਈ ਸੀ ਜਿਸ ਕਾਰਨ ਮੱਝਾਂ ਨੂੰ ਕਰੰਟ ਲੱਗ ਗਿਆ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਸ ਪਰਿਵਾਰ ਦਾ 6 ਲੱਖ ਰੁਪਏ ਦੇ ਕਰੀਬ ਆਰਥਿਕ ਨੁਕਸਾਨ ਹੋਇਆ ਹੈ। ਘਟਨਾ ਸਬੰਧੀ ਮੁਹਾਲੀ ਦੇ ਐਕਸੀਅਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।