ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 30 ਜੂਨ
ਚੰਡੀਗੜ੍ਹ ਪੁਲੀਸ ਨੇ ਕੁੱਟਮਾਰ, ਚਾਕੂ ਨਾਲ ਹਮਲਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਸ਼ਿਕਾਇਤ ’ਤੇ ਇੱਕ ਨਾਬਾਲਗ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੌਲੀ ਜੱਗਰਾਂ ਕੰਪਲੈਕਸ ਦੇ ਰਹਿਣ ਵਾਲੇ ਪਵਨ ਕੁਮਾਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਲੰਘੀ 28 ਜੂਨ ਨੂੰ ਅਰਮਾਨ, ਵਿਕਰਮ, ਅਮਨ ਤੇ ਹੋਰਾਂ ਨੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਸਾਰਿਆਂ ਕੋਲ ਚਾਕੂ ਸੀ ਅਤੇ ਵਿਕਰਮ, ਅਮਨ ਤੇ ਅਣਪਛਾਤੇ ਨੇ ਉਸ ਨੂੰ ਫੜ ਲਿਆ। ਅਰਮਾਨ ਨੇ ਉਸ ਦੀ ਛਾਤੀ ਵਿੱਚ ਚਾਕੂ ਮਾਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਕੇ ਹੇਠਾਂ ਡਿੱਗ ਗਿਆ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਸਾਰੇ ਮੁਲਜ਼ਮ ਉਸ ਨੂੰ ਫਿਰ ਦੇਖਣ ਦੀ ਧਮਕੀ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲੀਸ ਨੇ ਮੁਲਜ਼ਮਾਂ ਨੂੰ ਜੀਐੱਮਸੀਐੱਚ 32 ਚੰਡੀਗੜ੍ਹ ਤੋਂ ਕਾਬੂ ਕੀਤਾ।